ਅਜੀਤਵਾਲ, 2 ਸਤੰਬਰ (ਮਨਪ੍ਰੀਤ ਸਿੰਘ, ਜਗਰਾਜ ਸਿੰਘ ਗਿੱਲ)
ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਕਿਹਾ ਕਿ ਕਰੋਨਾ ਦੀ ਸੈਂਪਲਿੰਗ ਲਈ ਫੈਲ ਰਹੀਆਂ ਅਫ਼ਵਾਹਾਂ ਲੋਕ ਹਿੱਤ ਵਿੱਚ ਨਹੀਂ ਹਨ।
ਅੱਜ ਪਿੰਡ ਕੋਕਰੀ ਫੂਲਾ ਸਿੰਘ ਦੀ ਪੰਚਾਇਤ ਵੱਲੋਂ ਇੱਕ ਪਰਿਵਾਰ ਦੇ ਸੈਂਪਲ ਲੈਣ ਗਈ ਟੀਮ ਨੂੰ ਸੈਂਪਲ ਲੈਣ ਤੋਂ ਰੋਕ ਦੇਣ ਦੇ ਮਾਮਲੇ ‘ਤੇ ਟਿੱਪਣੀ ਕਰਦਿਆਂ ਡਾ: ਭਾਟੀਆ ਨੇ ਕਿਹਾ ਕਿ ਪੰਚਾਇਤਾਂ ਵੱਲੋਂ ਕੁੱਝ ਗੁੰਮਰਾਹਕੁਨ ਪ੍ਰਚਾਰ ਦੇ ਪਿੱਛੇ ਲੱਗ ਕੇ ਕਰੋਨਾ ਸੈਂਪਲਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ ਪੰਚਾਇਤਾਂ ਨੂੰ ਅਜਿਹਾ ਕਰਨ ਤੋਂ ਪਹਿਲਾਂ ਪੂਰਾ ਮਾਮਲਾ ਸਮਝ ਕੇ ਕੋਈ ਫੈਸਲਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹਾਲ ਵਿੱਚ ਹੀ ਵਾਪਰੀਆਂ ਅਨੇਕਾਂ ਘਟਨਾਵਾਂ, ਜਿੰਨ੍ਹਾਂ ਵਿੱਚ ਇੱਕ ਐਸ.ਐਮ.ਓ. ਸਮੇਤ ਕਿੰਨੇ ਹੀ ਲੋਕਾਂ ਦੀਆਂ ਜਾਨਾਂ ਕਰੋਨਾ ਕਾਰਨ ਚਲੀਆਂ ਗਈਆਂ ਹਨ, ਨੂੰ ਦੇਖਦੇ ਹੋਏ ਆਪਣੇ ਇਲਾਕੇ ਦੇ ਲੋਕਾਂ ਦੀ ਸਿਹਤ ਸੰਭਾਲ ਕਰਨਾ ਸਿਹਤ ਵਿਭਾਗ ਦੀ ਜਿੰਮੇਵਾਰੀ ਹੈ।ਪਰ ਪਿੰਡ ਦੀ ਪੰਚਾਇਤ ਵੱਲੋਂ ਇੱਕ ਪਾਸੜ ਫੈਸਲਾ ਲੈਣਾ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਕਰੋਨਾ ਸੈਂਪਲਿੰਗ ਦੌਰਾਨ ਕਰੋਨਾ ਤੋਂ ਪ੍ਰਭਾਵਿਤ ਹੋ ਗਏ ਵਿਭਾਗ ਦੇ ਅਨੇਕਾਂ ਅਜਿਹੇ ਸਟਾਫ਼ ਮੈਂਬਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁੱਝ ਨਿੱਜੀ ਕਾਰਨਾਂ ਕਰਕੇ ਕੁੱਝ ਗੈਰਜਿੰਮੇਵਾਰ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੇ ਅਮਲ ਨਾ ਕਰਨ।