ਯੋਗ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਪਹੁੰਚ ਕੇ ਕਰਨ ਅਪਲਾਈ
ਮੋਗਾ, 3 ਮਾਰਚ (ਜਗਰਾਜ ਸਿੰਘ ਗਿੱਲ)
ਭਾਰਤ ਸਰਕਾਰ ਦੇ ਮੰਤਰਾਲੇ ਕਾਰਪੋਰੇਟ ਅਫ਼ੇਅਰਜ਼ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਉਪਲੱਬਧ ਕਰਵਾਉਣ ਅਤੇ ਉਨ੍ਹਾਂ ਦੇ ਹੁਨਰ ਵਿਕਾਸ ਲਈ ਇੱਕ ਵਿਸ਼ੇਸ਼ ਇੰਟਰਨਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਸ਼੍ਰੀਮਤੀ ਡਿੰਪਲ ਥਾਪਰ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਪ੍ਰਾਰਥੀ ਦਸਵੀਂ, ਬਾਰਵ੍ਹੀਂ ਜਾਂ ਆਈ.ਟੀ.ਆਈ, ਡਿਪਲੋਮਾ ਜਾਂ ਗਰੈਜੂਏਟ ਪਾਸ ਹੋਣ ਅਤੇ ਜਿਹਨਾਂ ਪ੍ਰਾਰਥੀਆਂ ਦੀ ਉਮਰ 21 ਤੋਂ 24 ਸਾਲ ਹੈ ਅਤੇ ਜੋ ਪ੍ਰਾਰਥੀ ਪੂਰੇ ਸਮੇਂ ਦੀ ਨਾ ਤਾਂ ਨੌਕਰੀ ਕਰ ਰਹੇ ਹੋਣ ਅਤੇ ਨਾ ਹੀ ਪੂਰੇ ਸਮੇਂ ਲਈ ਪੜ੍ਹਾਈ ਕਰ ਰਹੇ ਹੋਣ, ਉਹ ਇਸ ਇੰਟਰਨਸ਼ਿਪ ਸਕੀਮ ਅਧੀਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 12 ਮਾਰਚ 2025 ਹੈ। ਇੱਕ ਸਾਲ ਦੀ ਇੰਟਰਨਸ਼ਿਪ ਲੈਣ ਵਾਲੇ ਉਮੀਦਵਾਰਾਂ ਨੂੰ ਇੱਕ ਸਾਲ ਲਈ 5000 ਮਹੀਨਾ ਮਾਣਭੱਤਾ ਵੀ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇੰਟਰਨਸ਼ਿਪ ਨਾਲ ਕਿਸੇ ਵੀ ਖੇਤਰ ਵਿੱਚ ਜਾਣ ਦੇ ਚਾਹਵਾਨ ਨਵੇਂ ਨੌਜਵਾਨਾਂ ਨੂੰ ਬਹੁਤ ਜਿਆਦਾ ਲਾਭ ਹੁੰਦਾ ਹੈ ਕਿਉਂਕਿ ਇਸ ਨਾਲ ਉਹਨਾਂ ਨੂੰ ਆਪਣੇ ਕੰਮ ਨਾਲ ਸਬੰਧਤ ਖੇਤਰ ਦਾ ਅਨੁਭਵ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਇੰਟਰਨਸ਼ਿਪ ਕਰਨ ਵਾਲੇ ਨੌਜਵਾਨਾਂ ਨੂੰ “ਪੀ.ਐੱਮ. ਜੀਵਨ ਜਯੋਤੀ ਬੀਮਾ ਯੋਜਨਾ” ਅਤੇ ਪੀ.ਐਮ. ਸੁਰੱਖਿਆ ਬੀਮਾ ਯੋਜਨਾ” ਦੇ ਤਹਿਤ ਬੀਮਾ ਸਹੂਲਤ ਵੀ ਪ੍ਰਦਾਨ ਕਰੇਗੀ, ਜਿਸ ਦੀ ਪ੍ਰੀਮੀਅਮ ਰਕਮ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰ. 314-316, ਤੀਜੀ ਮੰਜਿਲ, ਜੇਹਲਮ ਕੰਪਲੈਕਸ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਰੋਡ, ਮੋਗਾ ਵਿਖੇ ਸੰਪਰਕ ਕਰ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਮੋਗਾ ਦੇ ਵੱਧ ਤੋਂ ਵੱਧ ਯੋਗ ਪ੍ਰਾਰਥੀਆਂ ਨੂੰ ਇਸ ਸਕੀਮ ਦਾ ਲਾਹਾ ਲੈਣ ਦੀ ਅਪੀਲ ਕੀਤੀ।