ਮੋਗਾ ( ਮਿੰਟੂ ਖੁਰਮੀ, ਕੁਲਦੀਪ ਗੋਹਲ)ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਵਿੱਚ ਹੋਈਆਂ ਚੋਰੀ ਅਤੇ ਲੁੱਟਾਂ-ਖੋਹ ਦੀਆਂ ਘਟਨਾਵਾਂ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਤੇ ਦੁਕਾਨਦਾਰਾਂ ਵੱਲੋਂ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਰੋਸ ਭਰਪੂਰ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ।ਇਸ ਜਨਤਕ ਰੋਸ ਭਰਪੂਰ ਰੈਲੀ ਅਤੇ ਮੁਜ਼ਾਹਰਾ ਵਿੱਚ ਦੁਕਾਨਦਾਰਾਂ ਤੋਂ ਇਲਾਵਾ ਕਿਸਾਨ, ਮਜ਼ਦੂਰ, ਨੌਜਵਾਨ ਜੱਥੇਬੰਦੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਹੋਏ। ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਇਆ ਕਿ ਮਿਤੀ 19/07/ 2020 ਦੀ ਰਾਤ ਨੂੰ ਵਾਪਰੀ ਘਟਨਾ ਸਬੰਧੀ ਪੀੜਤ ਦੁਕਾਨਦਾਰਾਂ ਦੇ ਬਿਆਨ ਲਏ ਨੂੰ ਇੱਕ ਹਫ਼ਤੇ ਬੀਤ ਗਿਆ ਹੈ ਪਰ ਚੋਰਾਂ ਤੇ ਪਰਚਾ ਦਰਜ ਕਰਨਾ ਤਾਂ ਦੂਰ ਦੀ ਗੱਲ ਉਲਟਾ ਪੁਲਿਸ ਪ੍ਰਸ਼ਾਸਨ ਕਿਸੇ ਸਿਆਸੀ ਲਿਡਰ ਦੇ ਕਹਿਣ ਤੇ ਚੋਰਾਂ ਨੂੰ ਬਚਾਉਣ ਲਈ ਲੱਗਿਆ ਹੋਇਆ ਹੈ। ਆਗੂਆਂ ਨੇ ਕਿਹਾ ਬਿਆਨ ਲੈਣ ਸਮੇਂ ਕਮੇਟੀ ਮੈਂਬਰਾਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਤਿੱਖੀ ਬਹਿਸ ਕਰਨੀ ਪਈ ਇਸ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਨੇ ਬਿਆਨ ਲੈਣ ਲਈ ਮੰਨਿਆ ਸੀ। ਉਸੇ ਦਿਨ ਤੋਂ ਦੁਕਾਨਦਾਰਾਂ ਨੂੰ ਇਹ ਇਸ ਗੱਲ ਦਾ ਪਤਾ ਲੱਗ ਪਿਆ ਸੀ ਜਿੰਨੀ ਜੱਦੋ-ਜਹਿਦ ਨਾਲ ਬਿਆਨ ਕਰਾਏ ਨੇ ਉਸ ਤੋਂ ਜ਼ਿਆਦਾ ਜ਼ੋਰ ਚੋਰਾਂ ਤੇ ਪਰਚਾ ਦਰਜ ਕਰਵਾਉਣ ਲਈ ਲੱਗੇਗਾ ਕਿਉਂਕਿ ਚੋਰਾਂ ਪਿੱਛੇ ਸਿਆਸੀ ਹੱਥ ਹੈ। ਜਿਹੜੇ ਤਰੀਕੇ ਨਾਲ ਨਿਹਾਲ ਸਿੰਘ ਵਾਲੇ ਦਾ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਬਚਾਉਣ ਤੇ ਲੱਗਿਆ ਇਸ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਚੋਰਾਂ ਨੂੰ ਹਾਕਮ ਧਿਰ ਦੇ ਲਿਡਰ ਦੀ ਸਿਆਸੀ ਸਹਿ ਪ੍ਰਾਪਤ ਹੈ ਜਿਸਨੂੰ ਬਚਾਉਣ ਲਈ ਪੁਲਿਸ ਪ੍ਰਸ਼ਾਸਨ ਸਮੇਤ ਆਪਣੀ ਪੂਰੀ ਰਾਜ ਮਸ਼ੀਨਰੀ ਝੋਕ ਦਿੱਤੀ ਹੈ। ਤਾਂ ਕਿ ਚੋਰਾਂ ਨੂੰ ਫੁੱਲ ਦੀ ਨਾ ਲੱਗੇ। ਪਰ ਇਤਹਾਸ ਇਸ ਗੱਲ ਦਾ ਗਵਾਹ ਇਹ ਉਹੀ ਪਿੰਡ ਜਿਸਦੇ ਅਣਖੀ ਲੋਕਾਂ ਨੇ 50 ਦਿਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਸ਼ਰਾਬ ਦੇ ਠੇਕੇ ਨੂੰ ਚਾਰ ਜਗ੍ਹਾ ਤੋਂ ਚੁਕਵਾਇਆ ਹੈ ਆਖ਼ਰ ਵਿੱਚ ਪ੍ਰਸ਼ਾਸਨ ਨੂੰ ਸ਼ਰਾਬ ਦਾ ਠੇਕਾ ਪਿੰਡ ਵਿੱਚੋਂ ਬਾਹਰ ਕੱਢਣਾ ਪਿਆ ਹੈ ਅਤੇ ਸਾਰੀ ਰਾਜ ਮਸ਼ੀਨਰੀ ਨੂੰ ਮੂੰਹ ਦੀ ਖਾਣੀ ਪਈ ਹੈ। ਉਹਨਾਂ ਨੇ ਕਿਹਾ ਕਰੋਨਾ ਦੀ ਆੜ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਕੀਤੇ ਫ਼ੈਸਲਿਆਂ ਦੀ ਆਗੂਆਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਉਹਨਾਂ ਕਿਹਾ ਕਿ ਜੱਥੇਬੰਦੀਆਂ ਦੇ ਇਹ ਗੱਲ ਨੋਟਿਸ ਵਿੱਚ ਆਈ ਕਿ ਪੁਲਿਸ ਪ੍ਰਸ਼ਾਸਨ ਕਰੋਨਾ ਦੀ ਆੜ ਵਿੱਚ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਬਿਲਾਸਪੁਰ ਚੌਕੀ ਵੱਲੋਂ ਪਿੰਡ ਤਖਤੂਪੁਰਾ ਦੇ ਤਿੰਨ ਦੁਕਾਨਦਾਰਾਂ ਨੂੰ ਕਰੋਨਾ ਦੀ ਆੜ ਵਿੱਚ ਗ੍ਰਿਫਤਾਰ ਕੀਤਾ ਸੀ ਜਿਹਨਾਂ ਨੂੰ ਦੁਕਾਨਦਾਰਾਂ ਅਤੇ ਜੱਥੇਬੰਦੀਆਂ ਦੇ ਸਖ਼ਤ ਵਿਰੋਧ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੁਕਾਨਦਾਰਾਂ ਨੂੰ ਛੱਡਣਾ ਪਿਆ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਤਾੜਨਾ ਕੀਤੀ ਕਿ ਅਜਿਹੀਆਂ ਕਾਰਵਾਈਆਂ ਤੋਂ ਬਾਜ ਆਏ ਨਹੀਂ ਇਸ ਦਾ ਸਖ਼ਤ ਵਿਰੋਧ ਹੋਵੇਗਾ। ਉਹਨਾਂ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਨੇ ਚੋਰਾਂ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਸਮੇਂ ਕਮੇਟੀ ਮੈਬਰ ਗੁਰਮੁਖ ਸਿੰਘ ਹਿੰਮਤਪੁਰਾ,ਮੋਹਨ ਲਾਲ , ਗੁਰਪ੍ਰੀਤ ਸਿੰਘ, ਰਾਮਲਾਲ, ਜਗਦੀਸ਼ ਚੰਦ, ਗੁਰਵਿੰਦਰ ਬੱਬੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪ੍ਰਧਾਨ ਜੰਗੀਰ ਸਿੰਘ,ਕਰਤਾਰ ਸਿੰਘ ਪੰਮਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਰਨੈਲ ਸਿੰਘ, ਕੁਲਵੰਤ ਸਿੰਘ ਨੌਜਵਾਨ ਭਾਰਤ ਸਭਾ ਦੇ ਕਰਮ ਰਾਮਾਂ, ਹੈਪੀ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੁਕਾਨਦਾਰ, ਕਿਸਾਨ, ਮਜ਼ਦੂਰ, ਨੌਜਵਾਨ,ਹੋਰ ਪਿੰਡ ਵਾਸੀ ਹਾਜ਼ਰ ਸਨ।