ਅੱਜ ਵੀ ਕਿਰਤੀ ਮਜ਼ਦੂਰ ਦਿਵਸ ਦੇ ਮਹੱਤਵ ਤੋਂ ਅਣਜਾਣ /ਸੁਰਜੀਤ ਸਿੰਘ ਲੋਹਾਰਾ
ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ)
ਹਰ ਸਾਲ 1 ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਿਸੇ ਵੀ ਦੇਸ਼ ਦੀ ਸਨਅਤ ਜਾਂ ਕਾਰੋਬਾਰ ਦੀ ਮਜਦੂਰਾਂ ਤੋਂ ਬਿਨਾਂ ਕਲਪਨਾ ਨਹੀਂ ਕੀਤੀ ਜਾ ਸਕਦੀ। ਪਰ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮਜ਼ਦੂਰ ਅਜੇ ਵੀ ਸਰਕਾਰਾਂ ਅਤੇ ਮਜਦੂਰ ਜਥੇਬੰਦੀਆਂ ਲਈ ਕੇਵਲ ਆਪਣੇ ਹਿੱਤਾਂ ਅਤੇ ਵਰਤੋਂ ਦਾ ਸਾਧਨ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਲੋਹਾਰਾ ਦੇ ਅੰਗਨਵਾੜੀ ਸਕੂਲ ਵਿਖੇ ਮਜ਼ਦੂਰ ਦਿਵਸ ਮਨਾ ਰਹੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਅਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਕੱਤਰ ਸੁਰਜੀਤ ਸਿੰਘ ਗਿੱਲ ਨੇ ਕੀਤਾ ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਦੁਨੀਆਂ ਵਿੱਚ 1886 ਤੋਂ ਮਨਾਇਆ ਜਾਣ ਲੱਗਾ। ਅਣਵਿਕਸਿਤ ਅਮਰੀਕਾ ਵਿੱਚ1 ਮਈ 1886 ਨੂੰ ਸ਼ਿਕਾਗੋ ਸ਼ਹਿਰ ਵਿਖੇ ਮਜਦੂਰਾਂ ਨੇ ਅੱਠ ਘੰਟੇ ਮਜ਼ਦੂਰੀ ਲਈ ਸੰਘਰਸ਼ ਸ਼ੁਰੂ ਕੀਤਾ ਸੀ ।ਸੰਘਰਸ਼ ਦੌਰਾਨ ਪੁਲੀਸ ਨੇ ਮਜ਼ਦੂਰਾਂ ਤੇ ਗੋਲੀਬਾਰੀ ਕਰਕੇ 7 ਮਜ਼ਦੂਰਾਂ ਨੂੰ ਹਲਾਕ ਕਰ ਦਿੱਤਾ ਸੀ। ਉਸ ਤੋਂ ਬਾਅਦ ਇਹਨਾਂ ਮਜਦੂਰਾਂ ਦੀ ਕੁਰਬਾਨੀ ਮਜਦੂਰ ਦਿਵਸ ਦੇ ਰੂਪ ਵਿੱਚ ਜਾਣੀ ਜਾਣ ਲੱਗੀ। ਭਾਰਤ ਵਿੱਚ ਮਜਦੂਰ ਦਿਵਸ 1 ਮਈ 1923 ਤੋਂ ਲਾਗੂ ਹੋਇਆ। ਜੋ ਕਿ ਪਹਿਲਾਂ ਮਦਰਾਸ ਦਿਵਸ ਦੇ ਨਾਂ ਤੇ ਜਾਣਿਆ ਜਾਂਦਾ ਸੀ। ਤਾਮਿਲਨਾਡੂ ਵਿੱਚ ਕਿਸਾਨ ਮਜ਼ਦੂਰ ਪਾਰਟੀ ਦੇ ਮਜ਼ਦੂਰ ਆਗੂ ਸਿੰਗਰਾਵੇਲੂ ਚਟਿਆਰ ਨੇ ਇਸ ਸੰਘਰਸ਼ ਦਾ ਮੁੱਢ ਬੰਨਿਆਂ ਸੀ। ਪਰ ਅੱਜ 100 ਸਾਲ ਦੇ ਕਰੀਬ ਬੀਤ ਜਾਣ ਤੇ ਵੀ ਭਾਰਤ ਵਿੱਚ ਮਜ਼ਦੂਰ ਦੀ ਦਸ਼ਾ ਅਤੇ ਦਿਸ਼ਾ ਵਿੱਚ ਸੁਧਾਰ ਨਹੀਂ ਹੋ ਸਕਿਆ। ਭਾਵੇਂ ਕਿ 1991ਤੋਂ ਬਾਅਦ ਭਾਰਤੀ ਸਨਅਤ ਅਤੇ ਭਾਰਤ ਵਿੱਚ ਮਜ਼ਦੂਰਾਂ ਪ੍ਰਤੀ ਉਦਾਰ ਨੀਤੀਆਂ ਹੋਂਦ ਵਿੱਚ ਆਈਆਂ,ਪਰ ਇਹ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋ ਸਕੀਆਂ। ਅੱਜ ਵੀ ਮਜ਼ਦੂਰ ਨੂੰ ਮਜ਼ਦੂਰੀ ਮਿਲਣ ਅਤੇ ਮਜ਼ਦੂਰੀ ਦਾ ਮਿਹਨਤਾਨਾ ਮਿਲਣ ਦਾ ਹੀ ਸਭ ਤੋਂ ਵੱਡਾ ਚਾਅ ਹੁੰਦਾ ਹੈ। ਅੱਜ ਜਦੋਂ ਮਜ਼ਦੂਰ ਦਿਵਸ ਤੇ ਕੁਝ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਮਜ਼ਦੂਰ ਦਿਵਸ ਤੋਂ ਅਣਜਾਣ ਨਜਰ ਆਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਜ਼ਦੂਰ ਦਿਵਸ ਬਾਰੇ ਨਾ ਕੋਈ ਪਤਾ ਹੈ ਅਤੇ ਨਾ ਹੀ ਉਹ ਕਿਸੇ ਮਜਦੂਰ ਜਥੇਬੰਦੀ ਦੇ ਨਾਲ ਜੁੜੇ ਹੋਏ ਹਨ। ਇਸ ਮੌਕੇ ਸਮੁੱਚੇ ਆਗਨਵਾੜੀ ਸਟਾਫ਼ ਤੋਂ ਇਲਾਵਾ ਪਿੰਡ ਦੇ ਨਰੇਗਾ ਵਿੱਚ ਕੰਮ ਕਰ ਰਹੇ ਸਮੂਹ ਲੋਕ ਹਾਜ਼ਰ ਸਨ ।