ਕੋਟ ਈਸੇ ਖਾਂ 18 ਨਵੰਬਰ (ਜਗਰਾਜ ਲੋਹਾਰਾ/ਗੁਰਪ੍ਰੀਤ ਗਹਿਲੀ) ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਦੌਲੇਵਾਲਾ ਮਾਇਰ ਵਿਖੇ ਪੁਲਿਸ ਵੱਲੋਂ ਇੱਕ ਨਸ਼ਾ ਵਿਰੋਧੀ ਸੈਮੀਨਾਰ ਪਿੰਡ ਦੀ ਚੌਂਕੀ ਵਿੱਚ ਕਰਵਾਇਆ ਗਿਆ। ਜਿਸ ਵਿੱਚ ਐਸਪੀ ਹੈੱਡਕੁਆਰਟਰ ਰਤਨ ਸਿੰਘ ਬਰਾੜ ਨੇ ਮੁੱਖ ਰੂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਰਤਨ ਸਿੰਘ ਬਰਾੜ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਇਸ ਲਈ ਨਸ਼ੇ ਖਿਲਾਫ਼ ਰਲ ਕੇ ਹੱਲਾ ਬੋਲਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਆਪਣੇ ਬੱਚਿਆਂ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ। ਸਿਰਫ਼ ਜਨਮ ਦੇ ਨਾਲ ਨਹੀਂ, ਬੱਚੇ ਨੂੰ ਸਮਾਜਿਕ ਕਦਰਾਂ ਕੀਮਤਾਂ ਸਿਖਾਉਣਾ ਵੀ ਮਾਂ ਬਾਪ ਦਾ ਮੁੱਢਲਾ ਫਰਜ਼ ਹੈ। ਜੇਕਰ ਅਸੀਂ 2 ਘੰਟੇ ਫੋਨ ਤੇ ਬਿਤਾ ਸਕਦੇ ਹਾਂ ਤਾਂ 20 ਮਿੰਟ ਆਪਣੇ ਬੱਚੇ ਨਾਲ ਕਿਉਂ ਨਹੀਂ ਬਿਤਾ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਮਹਿਕਮੇ ਵਿੱਚ ਵੀ ਕੁਝ ਕੁ ਕਾਲੀਆਂ ਭੇਡਾਂ ਹਨ ਪਰ ਸਭ ਮੁਲਾਜ਼ਮ ਇੱਕੋ ਜਿਹੇ ਨਹੀਂ। ਪੁਲਿਸ ਵੀ ਨਸ਼ਾ ਬੰਦ ਕਰਵਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਜੋ ਕਾਲੀਆਂ ਭੇਡਾਂ ਹਨ, ਉਨ੍ਹਾਂ ਨੂੰ ਵੀ ਜਲਦ ਹੀ ਲੱਭ ਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਵਹਿਮ ਦਿਲੋਂ ਕੱਢ ਦੇਣ ਕਿ ਪੁਲਿਸ ਨਸ਼ੇ ਵੇਚਣ ਵਾਲਿਆਂ ਦੇ ਨਾਲ ਰਲੀ ਹੈ। ਪੁਲਿਸ ਉਨ੍ਹਾਂ ਖਿਲਾਫ ਸਖਤੀ ਨਾਲ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਜੋ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਨ੍ਹਾਂ ਨੂੰ ਸਮਾਜਿਕ ਤੌਰ ਤੇ ਅਲੱਗ-ਥਲੱਗ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਅਹਿਸਾਸ ਹੋ ਸਕੇ ਹੋ ਸਕੇ ਕਿ ਉਹ ਗਲਤ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਅਗਲੀ ਮੀਟਿੰਗ ਨਸ਼ਾ ਵੇਚਣ ਵਾਲਿਆਂ ਦੇ ਘਰ ਦੇ ਬਾਹਰ ਕੀਤੀ ਜਾਵੇਗੀ। ਇਸ ਮੌਕੇ ਡੀਐੱਸਪੀ ਧਰਮਕੋਟ ਯਾਦਵਿੰਦਰ ਸਿੰਘ ਬਾਜਵਾ, ਢੁੱਡੀਕੇ ਨਸ਼ਾ ਛੁਡਾਊ ਕੇਂਦਰ ਤੋਂ ਅਮਨਦੀਪ ਕੌਰ ਅਤੇ ਮਹਿੰਦਰਪਾਲ ਲੂੰਬਾ ਨੇ ਵੀ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਲੜਾਈ ਲੜਨ ਦੀ ਅਪੀਲ ਕੀਤੀ। ਇਸ ਮੌਕੇ ਐੱਸ ਐੱਚ ਓ ਫਤਿਹਗੜ੍ਹ ਗੁਰਜਿੰਦਰ ਸਿੰਘ, ਚੌਕੀ ਇੰਚਾਰਜ ਦੌਲੇਵਾਲਾ ਜਸਵੰਤ ਸਿੰਘ, ਏਐੱਸਆਈ ਮਲਕੀਤ ਸਿੰਘ, ਚਰਨਜੀਤ ਸਿੰਘ ਮੁੱਖ ਮੁਨਸ਼ੀ, ਕੁਲਵਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਬਿੱਟੂ ਭੁੱਲਰ, ਬਲਦੇਵ ਸਿੰਘ, ਹਕੀਕਤ ਸਿੰਘ ਮੰਦਰ, ਬਲਵੀਰ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਹਤਬਰ ਤੇ ਪਤਵੰਤੇ ਹਾਜ਼ਰ ਸਨ।