ਖ਼ਬਰ ਮੋਗੇ ਤੋਂ
ਮੋਗਾ (ਜਗਰਾਜ ਲੋਹਾਰਾ ) ਵਿਦੇਸ਼ ਜਾਣ ਦੀ ਚਾਹਤ ‘ਚ ਜਿਥੇ ਨੌਜਵਾਨ ਮੁੰਡੇ-ਕੁੜੀਆਂ ਆਏ ਦਿਨ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਪੈਸੇ ਦੀ ਅੰਨ੍ਹੀ ਦੌੜ ‘ਚ ਇਨਸਾਨੀ ਰਿਸ਼ਤੇ ਤੇ ਸਮਾਜਿਕ ਕਦਰਾਂ-ਕੀਮਤਾਂ ਇਸ ਕਦਰ ਡਿੱਗਦੀਆਂ ਜਾ ਰਹੀਆਂ ਨੇ ਸੱਤ ਜਨਮਾਂ ਦਾ ਸਾਥੀ ਵੀ ਧੋਖਾ ਦੇ ਜਾਂਦਾ ਹੈ। ਇਕ ਪਿਤਾ ਵੀ ਆਪਣੀ ਧੀ ਨੂੰ ਕੈਨੇਡਾ ਭੇਜਣ ਲਈ ਆਪਣਾ ਸਭ ਕੁਝ ਵੇਚ ਦਿੰਦਾ ਹੈ ਪਰ ਜਵਾਈ ਵਲੋਂ ਮਿਲੇ ਧੋਖਾ ਉਸ ਦਾ ਲੱਕ ਤੋੜ ਕੇ ਰੱਖ ਦਿੰਦਾ ਹੈ। ਅਜਿਹਾ ਹੀ ਮਾਮਲਾ ਮੋਗਾ ਦੇ ਪਿੰਡ ਚੂਹੜਚੱਕ ‘ਚ ਸਾਹਮਣੇ ਆਇਆ ਹੈ, ਜਿਥੇ ਕੁੜੀ ਨੂੰ ਕਿਸੇ ਟ੍ਰੈਵਲ ਏਜੰਟ ਨੇ ਨਹੀਂ ਸਗੋਂ ਉਸ ਦੇ ਪਤੀ ਨੇ ਠੱਗਿਆ ਹੈ। ਦਰਅਸਲ, ਸਾਬਕਾ ਫੌਜੀ ਰਣਜੀਤ ਸਿੰਘ ਨੇ 2011 ‘ਚ ਆਪਣੀ ਧੀ ਸਤਿੰਦਰ ਕੌਰ ਦਾ ਵਿਆਹ ਜਗਰਾਓਂ ਦੇ ਸ਼ੇਰਜੰਗ ਸਿੰਘ ਨਾਲ ਕੀਤਾ। ਸਤਿੰਦਰ ਕੌਰ ਨੂੰ ਕੈਨੇਡਾ ਲਿਜਾਣ ਲਈ ਉਸ ਨੇ ਆਪਣੇ ਜਵਾਈ ਨੂੰ 35 ਲੱਖ ਰੁਪਏ ਦਿੱਤੇ। ਇਸਦੇ ਲਈ ਉਸਨੇ ਆਪਣੀ ਸਾਰੀ 5 ਕਿੱਲੇ ਜ਼ਮੀਨ ਵੇਚ ਦਿੱਤੀ, ਇਥੋਂ ਤੱਕ ਕਿ ਘਰ ਵੀ ਨਿਲਾਮ ਹੋ ਗਿਆ ਪਰ ਹੁਣ ਕੁੜੀ ਦੇ ਪਤੀ ਤੇ ਸਹੁਰਿਆਂ ਵਲੋਂ ਉਨ੍ਹਾਂ ਨਾਲ ਗੱਲ ਤੱਕ ਨਹੀਂ ਕੀਤੀ ਜਾ ਰਹੀ। ਪੈਨਸ਼ਨ ਨਾਲ ਗੁਜ਼ਾਰਾ ਚਲਾ ਰਿਹਾ ਪਰਿਵਾਰ ਸੜਕ ‘ਤੇ ਆ ਗਿਆ ਹੈ
ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆ ਪੀੜਤ ਕੁੜੀ ਨੇ ਦੱਸਿਆ ਕਿ ਜਦੋਂ ਤੱਕ ਉਸਦਾ ਪਤੀ ਇਥੇ ਰਿਹਾ, ਉਹ ਉਸਦੇ ਨਾਲ ਰਹੀ। ਕੈਨੇਡਾ ਜਾਣ ਤੋਂ ਬਾਅਦ ਪਹਿਲਾਂ ਤਾਂ ਉਸਦਾ ਪਤੀ ਫੋਨ ਕਰਦਾ ਰਿਹਾ ਪਰ ਹੁਣ 3 ਸਾਲਾਂ ਤੋਂ ਉਸਦੀ ਪਤੀ ਨਾਲ ਗੱਲ ਤੱਕ ਨਹੀਂ ਹੋਈ। ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਵੀ ਉਸਨੂੰ ਘਰ ‘ਚ ਦਾਖਲ ਨਹੀਂ ਹੋਣ ਦਿੰਦਾ। ਪੁਲਸ ਨੇ ਪਰਿਵਾਰ ਦੇ ਬਿਆਨਾਂ ‘ਤੇ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸਹੁਰਾ ਪਰਿਵਾਰ ਦੇ ਜੋ ਮੈਂਬਰ ਇੰਡੀਆ ‘ਚ ਹਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।