27 ਨਵੰਬਰ ਨੂੰ ਸੀ.ਐਚ.ਸੀ. ਢੁੱਡੀਕੇ, ਬੱਧਨੀਂ ਕਲਾਂ, ਪੀ.ਐਚ.ਸੀ. ਡਰੋਲੀ ਭਾਈ, ਕੋਟ ਈਸੇ ਖਾਂ, ਪੱਤੋ ਹੀਰਾ ਸਿੰਘ ਵਿਖੇ ਹੋਣਗੇ ਕੈਂਪ ਆਯੋਜਿਤ
ਮੋਗਾ, 26 ਨਵੰਬਰ {ਜਗਰਾਜ ਸਿੰਘ ਗਿੱਲ }
ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਵਲੋਂ ਇੱਕ ਤੋਂ ਬਾਅਦ ਇੱਕ ਲੋਕ ਪੱਖੀ ਫੈਸਲੇ ਲੈ ਕੇ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਆਮ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਜਿੰਨ੍ਹਾਂ ਦਾ ਲੋਕਾਂ ਨੂੰ ਭਰਪੂਰ ਲਾਹਾ ਵੀ ਮਿਲ ਰਿਹਾ ਹੈ। ਇਸੇ ਲੜੀ ਤਹਿਤ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ ਅੱਖਾਂ ਦੀ ਮੋਤੀਆਬਿੰਦ ਬਿਮਾਰੀ ਤੋਂ ਮੁਕਤੀ ਲਈ ”ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ” ਤਹਿਤ ਜ਼ਿਲ੍ਹੇ ਭਰ ਵਿਚ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾ ਵਿੱਚ ”ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ” ਅੱਜ ਸ਼ੁਰੂ ਹੋ ਚੁੱਕਿਆ ਹੈ, ਜਿਹੜਾ ਕਿ 10 ਦਸੰਬਰ, 2021 ਤੱਕ ਚੱਲੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਅੱਜ ਮਿਤੀ 26 ਨਵੰਬਰ ਨੂੰ ਸਿਵਲ ਹਸਪਤਾਲ ਮੋਗਾ, ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ, ਬਾਘਾਪੁਰਾਣਾ, ਬੱਧਨੀਂ ਕਲਾਂ, ਪ੍ਰਾਇਮਰੀ ਹੈਲਥ ਸੈਂਟਰ ਡਰੋਲੀ ਭਾਈ ਵਿਖੇ ਅੱਖਾਂ ਦੇ ਕੈਂਪ ਆਯੋਜਿਤ ਕੀਤੇ ਗਏ। ਇਨ੍ਹਾਂ ਕੈਂਪਾਂ ਜਰੀਏ ਕੁੱਲ 214 ਮਰੀਜਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਜਿੰਨ੍ਹਾ ਵਿੱਚੋਂ 86 ਮਰੀਜ ਅੱਖਾਂ ਦੀ ਮੋਤੀਆ ਬਿਮਾਰੀ ਤੋਂ ਪੀੜ੍ਹਤ ਪਾਏ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ 86 ਮਰੀਜਾਂ ਵਿੱਚੋਂ ਇਨ੍ਹਾਂ ਦੀ ਸਿਹਤ ਅਤੇ ਖੂਨ ਦੀ ਜਾਂਚ ਕਰਨ ਤੋਂ ਬਾਅਦ ਯੋਗ ਮਰੀਜਾਂ ਦਾ ਮੁਫ਼ਤ ਆਪ੍ਰੇਸ਼ਨ ਕੀਤਾ ਜਾਵੇਗਾ।
ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਮਿਤੀ 27 ਨਵੰਬਰ ਨੂੰ ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ, ਬੱਧਨੀਂ ਕਲਾਂ, ਪ੍ਰਾਇਮਰੀ ਹੈਲਥ ਸੈਂਟਰ ਡਰੋਲੀ ਭਾਈ, ਕੋਟ ਈਸੇ ਖਾਂ, ਪੱਤੋ ਹੀਰਾ ਸਿੰਘ ਵਿਖੇ ਅਤੇ ਮਿਤੀ 29 ਨਵੰਬਰ ਨੂੰ ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ, ਬੱਧਨੀਂ ਕਲਾਂ, ਬਾਘਾਪੁਰਾਣਾ, ਪ੍ਰਾਇਮਰੀ ਹੈਲਥ ਸੈਂਟਰ ਡਰੋਲੀ ਭਾਈ ਵਿਖੇ ਇਹ ਅੱਖਾਂ ਦੇ ਕੈਂਪ ਲਗਾਏ ਜਾਣਗੇ।
ਇਸ ਤੋਂ ਇਲਾਵਾ 29 ਨਵੰਬਰ ਨੂੰ ਸੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਵੱਲੋਂ ਧਰਮਕੋਟ ਤਹਿਸੀਲ ਦੇ ਪਿੰਡ ਚੰਦੇਵਾਲਾ ਵਿਖੇ ਵੀ ਅੱਖਾਂ ਦੇ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਨ ਤਹਿਤ ਲੱਗਣ ਵਾਲੇ ਕੈਂਪਾਂ ਦਾ ਭਰਪੂਰ ਲਾਹਾ ਲੈਣ ਨੂੰ ਯਕੀਨੀ ਬਣਾਉਣ।