ਮੋਗਾ 19 ਅਕਤੂਬਰ
/ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/
ਜ਼ਿਲ੍ਹਾ ਮੋਗਾ ਦੇ ਪਿੰਡ ਜੈ ਸਿੰਘ ਵਾਲਾ ਦੇ ਉਦਮੀ ਅਤੇ ਅਗਾਂਹ ਵਧੂ ਕਿਸਾਨ ਗੁਰਮੁਖ ਸਿੰਘ ਨੇ ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਉੱਨਤ ਖੇਤੀ ਕਰਨ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ।ਕਿਸਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ 15 ਏਕੜ ਆਪਣੀ ਮਾਲਕੀ ਵਾਲੀ ਜ਼ਮੀਨ ਦੀ ਖੇਤੀ ਕਰਦਾ ਹੈ। ੳਸਨੇ ਅੱਗੇ ਦੱਸਿਆ ਕਿ ਉਹ 5 ਸਾਲਾਂ ਤੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ, ਕੁਆਲਟੀ ਦੇ ਬੀਜ ਅਤੇ ਖੇਤੀ ਮਸ਼ੀਨਰੀ ਸਬਸਿਡੀ ‘ਤੇ ਪ੍ਰਾਪਤ ਕਰਕੇ ਖੇਤੀ ਧੰਦੇ ਅਤੇ ਹੋਰ ਸਹਾਇਕ ਧੰਦੇ ਅਪਣਾ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ ਅਤੇ ਉਹ ਖੇਤੀਬਾੜੀ ਵਿਭਾਗ ਵੱਲੋਂ ਮੁਨਾਫ਼ੇ ਵਾਲੀ ਅਤੇ ਵਾਤਾਵਰਨ ਪੱਖੀ ਖੇਤੀ ਨੂੰ ਅਪਨਾ ਕੇ ਪੂਰੀ ਤਰ੍ਹਾਂ ਸੰਤੁਸ਼ਟ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਕਰੋਨਾ ਨੂੰ ਖਤਮ ਕਰਨ ਲਈ ਵੀ ਪਰਾਲੀ ਨੂੰ ਨਾ ਸਾੜਨ ਵਿੱਚ ਕਿਸਾਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ, ਕਿਉਂਕਿ ਪਰਾਲੀ ਦੇ ਧੂੰਏਂ ਨਾਲ ਕਰੋਨਾ ਪਾਜੀਟਿਵ ਵਿਅਕਤੀਆਂ ਨੂੰ ਸਾਹ ਲੈਣ ਦੀ ਸਮੱਸਿਆ ਵਿੱਚ ਵਾਧਾ ਉਤਪੰਨ ਹੁੰਦਾ ਹੈ।
ਗੁਰਮੁਖ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਕੇ, ਇਸ ਨੂੰ ਮਸ਼ੀਨਾਂ ਰਾਹੀਂ ਖੇਤਾਂ ਵਿੱਚ ਹੀ ਮਿਲਾਕੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਖਾਦਾਂ ਦੀ ਖਪਤ ਅਤੇ ਖਰਚਾ ਘਟਦਾ ਹੈ ਅਤੇ ਮੁਨਾਫਾ ਵਧਦਾ ਹੈ। ਉਸਨੇ ਆਪਣੇ ਖੇਤ ਵਿਚ ਝੋਨੇ ਦੀ ਫ਼ਸਲ ਦੀ ਕਟਾਈ ਸੁਪਰ ਐਸ. ਐਮ. ਐਸ. ਸੰਯੁਕਤ ਕੰਬਾਇਨ ਨਾਲ ਕਰਵਾਈ ਹੈ।
ਖੇਤੀਬਾੜੀ ਵਿਭਾਗ ਦੀ ਟੀਮ ਨੂੰ ਇਸ ਕਿਸਾਨ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਉਸਨੇ ਪਿਛਲੇ 3 ਸਾਲ ਆਲੂ ਅਤੇ ਕਣਕ ਦੀ ਫ਼ਸਲ ਦੀ ਕਾਸ਼ਤ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੀ ਕੀਤੀ ਹੈ, ਜਿਸ ਨਾਲ ਫ਼ਸਲ ਦਾ ਝਾੜ ਪਿਛਲੇ 3 ਸਾਲ ਤੋਂ ਕਾਫੀ ਵਧੀਆ ਆ ਰਿਹਾ ਹੈ। ਗੁਰਮੁਖ ਸਿੰਘ ਨੇ ਖੇਤੀਬਾੜੀ ਵਿਭਾਗ ਦੀਆਂ ਨਵੀਆਂ ਤਕਨੀਕਾਂ ਨਾਲ ਪੂਰੀ ਤਰ੍ਹਾਂ ਸੰਤੁਸ਼ਟੀ ਜਾਹਰ ਕੀਤੀ।
ਉਸਨੇ ਦਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਖੇਤੀਬਾੜੀ ਵਿਭਾਗ ਅਤੇ ਆਤਮਾ ਸਕੀਮ ਦੇ ਸੰਪਰਕ ਵਿੱਚ ਆਉਣ ਕਰਕੇ ਡੀ.ਏ.ਪੀ. ਦੀ ਖਪਤ ਝੋਨੇ ਦੀ ਫਸਲ ‘ਤੇ ਬਿਲਕੁਲ ਬੰਦ ਕੀਤੀ ਹੈ ਅਤੇ ਯੂਰੀਏ ਦੀ ਵਰਤੋਂ ਵੀ ਕਾਫੀ ਘੱਟ ਕੀਤੀ ਹੈ। ਕਿਸਾਨ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਫਸਲ ਤੇ ਕੋਈ ਵੀ ਕੀੜੇਮਾਰ ਜਾਂ ਕੀਟਨਾਸ਼ਕ ਦਵਾਈ ਦੀ ਲੋੜ ਮਹਿਸੂਸ ਨਹੀਂ ਹੋਈ।
ਇਹ ਕਿਸਾਨ ਪਰਾਲੀ ਨਾ ਸਾੜਨ ਅਤੇ ਘੱਟ ਖਾਦਾਂ ਦੀ ਵਰਤੋਂ ਕਰਨ ਕਰਕੇ ਸੁੱਧ ਵਾਤਾਵਰਨ ਨੂੰ ਬਹੁਤ ਵੱਡੀ ਦੇਣ ਦੇ ਰਿਹਾ ਹੈ।ਇਸ ਦੇ ਨਾਲ-ਨਾਲ ਬਿਨਾ ਸਪਰੇਅ ਕੀਤਿਆਂ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ। ਇਹ ਕਿਸਾਨ ਆਪਣੇ ਇਲਾਕੇ ਵਿੱਚ ਹੋਰ ਕਿਸਾਨਾਂ ਲਈ ਪ੍ਰੇਰਣਾ ਦੇਣ ਲਈ ਚਾਨਣ ਮੁਨਾਰਾ ਬਣਿਆ ਹੈ ।
ਕਿਸਾਨ ਗੁਰਮੁਖ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਵਾਤਾਵਰਨ ਪੱਖੀ ਅਤੇ ਮੁਨਾਫ਼ੇ ਵਾਲੀ ਖੇਤੀ ਕਰਨ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂਕਿ ਪਰਾਲੀ ਨੂੰ ਸਾੜਨ ਦਾ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਾਇਦਾ ਹੋਣ ਦੀ ਬਿਜਾਇ ਨੁਕਸਾਨ ਹੀ ਹੁੰਦਾ ਹੈ ਤਾਂ ਸਾਨੂੰ ਇਸ ਨੂੰ ਸਾੜਨ ਦੀ ਜਰੂਰਤ ਹੀ ਕਿਉਂ ਹੈ।