ਵਿਆਜ ਸਮੇਤ ਸਬਸਿਡੀਆਂ ਦੀ ਰਿਕਵਰੀ ਕਰਨ ਲਈ ਨੋਟਿਸ ਜਾਰੀ
ਪਰਾਲੀ ਨੂੰ ਸਾੜਨ ਦੇ ਮਾਮਲਿਆਂ ‘ਤੇ ਸੈਟੇਲਾਈਟ ਦੁਆਰਾ ਰੱਖੀ ਜਾ ਰਹੀ ਹੈ ਬਾਜ ਅੱਖ-ਮੁੱਖ ਖੇਤੀਬਾੜੀ ਅਫਸਰ
ਮੋਗਾ, 24 ਅਕਤੂਬਰ (ਮਿੰਟੂ ਖੁਰਮੀ) ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੀ ਸ਼ਿਕਾਇਤ ‘ਤੇ ਜ਼ਿਲਾ ਪੁਲਿਸ ਮੋਗਾ ਵੱਲੋ ਅੱਜ ਇੱਥੇ ਅਜੀਤਵਾਲ ਨੇੜੇ ਪਿੰਡ ਕੋਕਰੀ ਕਲਾਂ ਵਿਖੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੇ ਇੱਕ ਕਿਸਾਨ ਖਿਲਾਫ ਕੇਸ ਦਰਜ ਕੀਤਾ ਗਿਆ। ਕਿਸਾਨ ਦੀ ਪਛਾਣ ਗੁਰਜੰਟ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਕੋਕਰੀ ਕਲਾਂ ਦਾ ਰਹਿਣ ਵਾਲਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਫੌਜਦਾਰੀ ਜ਼ਾਬਤਾ ਸੰਘਤਾ (ਸੀਆਰਪੀਸੀ) ਦੀ ਧਾਰਾ 144 ਲਾਗੂ ਹੋਣ ਦੇ ਬਾਵਜੂਦ ਵੀ ਦੋਸ਼ੀ ਕਿਸਾਨ ਗੁਰਜੰਟ ਸਿੰਘ ਨੇ ਆਪਣੀ ਤਿੰਨ ਏਕੜ ਜਮੀਨ ਤੇ ਰੀਪਰ ਦੀ ਵਰਤੋਂ ਕੀਤੀ ਪਰਾਲੀ ਨੂੰ ਅੱਗ ਲਗਾਈ ਗਈ। ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਅਧਿਕਾਰਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਵਿਚ ਝੋਨੇ ਦੀ ਪਰਾਲੀ ਨੂੰ ਕੱਟਣ ਵਾਲੀਆਂ ਮਸ਼ੀਨਾਂ (ਰੀਪਰ) ਦੀ ਵਰਤੋਂ ਉੱਤੇ ਪੂਰਨ ਤੌਰ ਤੇਂ ਪਾਬੰਦੀ ਲਗਾਈ ਹੋਈ ਹੈ। ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਦੋਸ਼ੀ ਕਿਸਾਨ ਤੋਂ ਵਿਆਜ ਸਮੇਤ ਸਬਸਿਡੀਆਂ ਵਸੂਲਣ ਦੇ ਨਿਰਦੇਸ਼ ਵੀ ਦਿੱਤੇ ਅਜੀਤਵਾਲ ਪੁਲਿਸ ਨੇ ਕਿਸਾਨ ਗੁਰਜੰਟ ਸਿੰਘ ਤੇ ਆਈ.ਪੀ.ਸੀ. ਦੀ ਧਾਰਾ 188 ਦੇ ਅਧੀਨ ਕੇਸ ਦਰਜ ਕੀਤਾ ਹੈ। ਡਿਪਟੀ ਕਮਿਸਨਰ ਨੇ ਦੱਸਿਆ ਕਿ ਇਹ ਪਰਚਾ ਖੇਤੀਬਾੜੀ ਵਿਭਾਗ ਦੁਆਰਾ ਪਰਾਲੀ ਸਾੜਨ ਨੂੰ ਰੋਕਣ ਲਈ ਗਠਿਤ ਕੀਤੀਆਂ ਵਿਸੇਸ ਟੀਮਾਂ ਦੀ ਸਿਫਾਰਿਸ ਤੇ ਕੀਤਾ ਗਿਆ।
ਪੌਦਾ ਸੁਰੱਖਿਆ ਅਫਸਰ ਡਾ: ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨ ਗੁਰਜੰਟ ਸਿੰਘ ਨੇ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਖਰੀਦਣ ਲਈ ਖੇਤੀਬਾੜੀ ਵਿਭਾਗ ਤੋਂ ਕਰੀਬ ਡੇਢ ਲੱਖ ਰੁਪਏ ਦੀ ਸਬਸਿਡੀ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਅਸੀਂ ਕਿਸਾਨ ਨੂੰ ਰਿਕਵਰੀ ਨੋਟਿਸ ਭੇਂਜ ਦਿੱਤਾ ਹੈ ਅਤੇ ਜਲਦ ਹੀ ਉਸ ਕੋਲੋ ਵਿਆਜ ਸਮੇਤ ਸਬਸਿਡੀ ਵੀ ਵਸੂਲ ਕੀਤੀ ਜਾਏਗੀ। ਮੁੱਖ ਖੇਤੀਬਾੜੀ ਅਫਸਰ ਡਾ: ਬਲਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਦੇ ਮਾਮਲਿਆਂ ਤੇ ਸੈਟੇਲਾਈਟ ਦੁਆਰਾ ਬਾਜ ਅੱਖ ਰੱਖੀ ਜਾ ਰਹੀ ਹੈ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਤੇ ਕਿਸੇ ਵੀ ਕਿਸਾਨ ਨੂੰ ਬਖਸ਼ਿਆ ਨਹੀਂ ਜਾਵੇਗਾ।