ਡਿਪਟੀ ਕਮਿਸ਼ਨਰ ਅਤੇ ਕਰਨਲ ਕਪਿਲ ਵਰਸ਼ਨੇੇ ਸਮੇਤ ਉੱਘੀਆਂ ਸ਼ਖਸ਼ੀਅਤਾਂ ਨੇ ਸਮਾਰਕ `ਤੇ ਸ਼ਰਧਾ ਦੇ ਫੁੱਲ ਕੀਤੇ ਭੇਂਟ
–ਡਿਪਟੀ ਕਮਿਸ਼ਨਰ ਨੇ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ 2.60 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਵੰਡੇ
–ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦਿਲਾਂ ਵਿੱਚ ਹਮੇਸ਼ਾ ਰਹੇਗਾ ਜਿੰਦਾ-ਡਿਪਟੀ ਕਮਿਸ਼ਨਰ
ਮੋਗਾ, 23 ਅਕਤੂਬਰ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ )
ਅੱਜ ਮਿਤੀ 23 ਅਕਤੂਬਰ 2021 ਨੂੰ ਦੇਸ਼ ਦੇ ਸਰਵਉੱਚ ਸਨਮਾਨ, ਬਹਾਦੁਰੀ ਪੁਰਸਕਾਰ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਨੂੰ ਜਿ਼ਲਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਉਨ੍ਹਾਂ ਦੇ ਸਮਾਰਕ `ਤੇ ਸੈਨਾ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਫੁੱਲ ਮਲਾਵਾਂ ਭਂੇਟ ਕਰਕੇ ਬੜੇ ਹੀ ਆਦਰ ਸਹਿਤ 59ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿ਼ਲਾ ਸੈਨਿਕ ਬੋਰਡ ਮੋਗਾ ਸ੍ਰੀ ਹਰੀਸ਼ ਨਈਅਰ, ਜੀ.ਓ.ਸੀ., 7 ਇੰਨਫੈਂਟਰੀ ਡਿਵੀਜ਼ਨ ਦੀ ਤਰਫੋਂ ਕਮਾਂਡਿੰਗ ਅਫ਼ਸਰ ਕਰਨਲ ਕਪਿਲ ਵਰਸ਼ਨੇ 21 ਗਰਨੇਡੀਅਰ ਵੱਲੋਂ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਨੂੰ ਸ਼ਰਧਾਜ਼ਲੀਆਂ ਭਂੇਟ ਕੀਤੀਆਂ ਗਈਆਂ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸ੍ਰੀਮਤੀ ਕੁਲਵੰਤ ਕੌਰ ਪੁੱਤਰੀ ਸ਼ਹੀਦ ਸੂਬੇਦਾਰ ਜ਼ੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਪਤੀ ਸਬ-ਇੰਸਪੈਕਟਰ ਸੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ, ਏ.ਡੀ.ਸੀ. (ਜ) ਹਰਚਰਨ ਸਿੰਘ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ, ਸਹਾਇਕ ਕਮਿਸ਼ਨਰ (ਜ) ਗੁਰਬੀਰ ਸਿੰਘ ਕੋਹਲੀ, ਕਪਤਾਨ ਪੁਲਿਸ (ਸ) ਮੋਗਾ ਸ੍ਰੀ ਗੁਰਦੀਪ ਸਿੰਘ, ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਤਰਫੋਂ ਕਰਨਲ ਦਰਸ਼ਨ ਸਿੰਘ, ਮੀਤ ਪ੍ਰਧਾਨ ਜਿ਼ਲ੍ਹਾ ਸੈਨਿਕ ਬੋਰਡ ਮੋਗਾ ਕਰਨਲ ਬਾਬੂ ਸਿੰਘ (ਰਿਟਾ), ਜੀ.ਓ.ਜੀ. ਹੱੈਡ ਮੋਗਾ ਕਰਨਲ ਬਲਕਾਰ ਸਿੰਘ (ਰਿਟਾ), ਅਤੇ ਜਿ਼ਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਹੋਰ ਸਾਬਕਾ ਸੈਨਿਕ ਅਤੇ ਉਹਨਾਂ ਦੀਆਂ ਵਿਧਵਾਵਾਂ ਵੀ ਇਸ ਮੌਕੇ ਹਾਜ਼ਰ ਸਨ।
ਨਾਇਬ ਸੂਬੇਦਾਰ ਦਸ਼ਰਥ ਸਿੰਘ ਦੀ ਅਗਵਾਈ ਹੇਠ ਫੌਜ਼ ਦੀ 21 ਗਰਨੇਡੀਅਰ ਬਟਾਲੀਅਨ ਦੀ ਟੁਕੜੀ ਵੱਲੋਂ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ, ਪਰਮਵੀਰ ਚੱਕਰ ਨੂੰ ਸਰਕਾਰੀ ਸਨਮਾਨਾਂ ਨਾਲ ਗਾਰਡ-ਆਫ਼-ਆਨਰ ਪੇਸ਼ ਕੀਤਾ ਗਿਆ।
ਇਸ ਮੌਕੇ ਤੇ ਕਮਾਂਡਿੰਗ ਅਫ਼ਸਰ ਕਰਨਲ ਕਪਿਲ ਵਰਸ਼ਨੇ 21 ਗਰਨੇਡੀਅਰ ਵੱਲੋਂ ਸ੍ਰੀਮਤੀ ਕੁਲਵੰਤ ਕੌਰ ਪੁੱਤਰੀ ਸ਼ਹੀਦ ਸੂਬੇਦਾਰ ਜ਼ੋਗਿੰਦਰ ਸਿੰਘ, ਪਰਮਵੀਰ ਚੱਕਰ ਨੂੰ ਸ਼ਾਲ ਭੇਂਟ ਕਰਨ ਦੀ ਰਸਮ ਅਦਾ ਕੀਤੀ ਅਤੇ ਜਿ਼ਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਵੱਲੋ 13 ਨਾਨ-ਪੈਨਸ਼ਨਰ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ 2 ਲੱਖ 60 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਡਿਪਟੀ ਕਮਿਸ਼ਨਰ ਡਾ: ਹਰੀਸ਼ ਨਈਅਰ, ਆਈ.ਏ.ਐਸ, ਮੋਗਾ ਵੱਲੋਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸੂਬੇਦਾਰ ਜੋਗਿੰਦਰ ਸਿੰਘ, ਪਰਮਵੀਰ ਚੱਕਰ ਵਿਜੇਤਾ, ਇਕ ਮਹਾਨ ਯੋਧਾ ਸੀ, ਜਿਸ ਨੇ 1962 ਦੀ ਹਿੰਦ-ਚੀਨ ਜੰਗ ਦੌਰਾਨ ਬਹਾਦਰੀ ਨਾਲ ਲੜਦਿਆਂ ਆਪਣੇ ਪ੍ਰਾਣਾ ਦੀ ਬਲੀ ਦਿੱਤੀ। ਇਹ ਪਿੰਡ ਮਾਹਲਾ ਕਲਾਂ, ਤਹਿ ਬਾਘਾਪੁਰਾਣਾ, ਜਿ਼ਲਾ ਮੋਗਾ ਦੇ ਰਹਿਣ ਵਾਲੇ ਸਨ। ਉਹ ਪਹਿਲੀ ਸਿੱਖ ਰੈਜੀਮੈਂਟ ਵਿਚ ਭਰਤੀ ਹੋ ਗਏ ਸਨ। ਅਕਤੂਬਰ 1962 ਵਿਚ ਚੀਨ ਨੇ ਭਾਰਤ ਤੇ ਹਮਲਾ ਬੋਲ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਦੀ ਪਲਾਟੂਨ ਨੂੰ ਨੇਫ਼ਾ ਦੇ ਤੁਆਂਗ ਸੈਕਟਰ ਵਿੱਚ ਤੌਗਪੈਂਗ ਲਾ ਚੌਂਕੀ ਦੀ ਹਿਫ਼ਾਜ਼ਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ। 23 ਅਕਤੂਬਰ 1962, ਸਵੇਰੇ ਸਾਢੇ ਪੰਜ ਵਜੇ ਚੀਨੀ ਫੌਜ ਨੇ ਲਗਭਗ ਆਪਣੇ 200 ਸੈਨਿਕਾਂ ਨਾਲ ਉਨ੍ਹਾਂ ਦੀ ਚੌਂਕੀ `ਤੇ ਧਾਵਾ ਬੋਲ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਜਵਾਨਾਂ ਨੇ ਬਹਾਦਰੀ ਨਾਲ ਲੜਦੇ ਹੋਏ ਦੁਸ਼ਮਣ ਦੇ ਦੋ ਹਮਲੇ ਪਛਾੜ ਦਿੱਤੇ। ਦੁਸ਼ਮਣ ਦੇ ਇਹਨਾਂ ਦੋ ਹਮਲਿਆਂ ਨੂੰ ਪਛਾੜਣ ਤੋਂ ਬਾਅਦ ਸੂਬੇਦਾਰ ਜੋਗਿੰਦਰ ਸਿੰਘ ਦੀ ਪਲਾਟੂਨ ਦਾ ਜਾਨੀ ਨੁਕਸਾਨ ਹੋ ਜਾਣ ਕਾਰਨ ਉਹਨਾਂ ਦੇ ਜਵਾਨਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ ਸੀ ਅਤੇ ਪੱਟ ਵਿੱਚ ਗੋਲੀਆਂ ਲੱਗਣ ਕਾਰਣ ਉਹ ਖੁਦ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ। ਫਿਰ ਵੀ ਉਨ੍ਹਾਂ ਨੇ ਦੁਸ਼ਮਣ ਦੇ ਤੀਜੇ ਹਮਲੇ ਦੌਰਾਨ ਆਪਣੇ ਬਚੇ ਹੋਏ ਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ, ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਕੇ ਦੁਸ਼ਮਣ ਤੇ ਬੈਨਟਾਂ ਨਾਲ ਹਮਲਾ ਬੋਲ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਨੇ ਆਪਣੀ ਪਲਾਟੂਨ ਦੇ ਲਾਈਟ ਮਸ਼ੀਨ ਗੰਨ ਦੇ ਚਾਲਕ ਦੇ ਮਾਰੇ ਜਾਣ ਤੇ ਖੁਦ ਲਾਈਟ ਮਸ਼ੀਨ ਗੰਨ ਸੰਭਾਲੀ ਅਤੇ ਦੁਸ਼ਮਣ ਦਾ ਕਾਫੀ ਜਾਨੀ ਨੁਕਸਾਨ ਕੀਤਾ। ਇਸੇ ਦੌਰਾਨ ਉਹ ਦੁਸ਼ਮਣ ਦੇ ਘੇਰੇ ਵਿਚ ਆ ਗਏ ਅਤੇ ਆਖ਼ਰੀ ਦਮ ਤੱਕ ਦੁਸ਼ਮਣ ਨਾਲ ਲੜਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ।
ਸੂਬੇਦਾਰ ਜੋਗਿੰਦਰ ਸਿੰਘ ਦੀ ਜੋਸ਼਼ੀਲੀ ਅਗਵਾਈ, ਸ਼ਲਾਘਾਯੋਗ ਵੀਰਤਾ ਅਤੇ ਬੇਮਿਸਾਲ ਫਰਜ਼ ਕਾਰਨ ਭਾਰਤ ਸਰਕਾਰ ਵੱਲੋ ਉਨ੍ਹਾਂ ਨੂੰ ਸ਼ਹੀਦ ਹੋਣ ਉਪਰੰਤ ਦੇਸ਼ ਦੇ ਸਰਵਉੱਚ ਬਹਾਦੁਰੀ ਪੁਰਸਕਾਰ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ।
ਸ੍ਰੀ ਹਰੀਸ਼ ਨਈਅਰ ਨੇ ਕਿਹਾ ਕਿ ਸੂਬੇਦਾਰ ਜੋਗਿੰਦਰ ਸਿੰਘ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹੇਗਾ।