ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ 1 ਲੱਖ ਹੋਰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ
ਮੋਗਾ, 6 ਅਕਤੂਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਏ ਗਏ ਛੇਵੇਂ ਮੈਗਾ ਰੋਜ਼ਗਾਰ ਮੇਲੇ ਵਿੱਚ ਜ਼ਿਲ੍ਹਾ ਮੋਗਾ ਦੇ 2696 ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲਿਆ ਹੈ। ਇਸ ਮੇਲੇ ਦੀ ਅੱਜ ਸਮਾਪਤੀ ਹੋ ਗਈ। ਇਸ ਸਬੰਧੀ ਰਾਜ ਪੱਧਰੀ ਵਰਚੁਅਲ ਸਮਾਗਮ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸ ਵਿੱਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ਼੍ਰੀ ਰਾਹੁਲ ਗਾਂਧੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ।ਇਸੇ ਸਮਾਗਮ ਦੀ ਤਰਜ਼ ਉਤੇ ਹੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕੀਤੀ। ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾੲਿਕ ਸ੍ਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸ੍ਰ ਇੰਦਰਜੀਤ ਸਿੰਘ ਤਲਵੰਡੀ ਭਾਂਗੇਰੀਆ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ, ਸ਼੍ਰੀ ਵਿਨੋਦ ਬਾਂਸਲ ਚੇਅਰਮੈਨ ਨਗਰ ਸੁਧਾਰ ਟਰੱਸਟ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਹੋਰ ਅਧਿਕਾਰੀ ਅਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਮਿਤੀ 21, 22, 23, 26, 28 ਅਤੇ 29 ਸਤੰਬਰ ਨੂੰ ਲਗਾਏ ਰੋਜ਼ਗਾਰ ਮੇਲਿਆਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਗ ਲਿਆ ਸੀ। ਇਹਨਾਂ ਮੇਲਿਆਂ ਵਿੱਚ 2696 ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ। ਇਹਨਾਂ ਮੇਲਿਆਂ ਵਿੱਚ ਪ੍ਰਸਿੱਧ 12 ਕੰਪਨੀਆਂ ਨੇ ਨੌਕਰੀਆਂ ਦਿੱਤੀਆਂ। ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਲਗਾਏ ਗਏ ਇਹਨਾਂ ਮੇਲਿਆਂ ਵਿੱਚ ਨੌਜਵਾਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਸੀ, ਜੌ ਕਿ ਇੱਕ ਚੰਗਾ ਸੁਨੇਹਾ ਹੈ। ਉਹਨਾਂ ਕਿਹਾ ਕਿ ਇਹ ਮੇਲੇ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ।
ਸ਼੍ਰੀ ਹੰਸ ਨੇ ਦੱਸਿਆ ਕਿ ਜਲਦੀ ਹੀ ਜ਼ਿਲ੍ਹਾ ਮੋਗਾ ਦੀਆਂ 100 ਹੋਣਹਾਰ ਲੜਕੀਆਂ ਨੂੰ ਟਰਾਈਡੈਂਟ ਗਰੁੱਪ ਬਰਨਾਲਾ ਵਿੱਚ ਕਿੱਤਾਮੁਖੀ ਸਿਖਲਾਈ ਦਿਵਾਈ ਜਾਵੇਗੀ। ਉਸ ਉਪਰੰਤ ਦੂਜਾ ਬੈਚ ਵੀ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹਨਾਂ ਮੇਲਿਆਂ ਵਿੱਚ ਜਿਵੇਂ 93 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ, ਉਵੇਂ ਹੀ ਪੰਜਾਬ ਸਰਕਾਰ ਵੱਲੋਂ ਅਗਲੇ ਇੱਕ ਸਾਲ ਵਿੱਚ 1 ਲੱਖ ਹੋਰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਦਲਿਤ ਨੌਜਵਾਨਾਂ ਨੂੰ ਮੁਫ਼ਤ ਪੜ੍ਹਾਈ ਲਈ ਨਵੀਂ ਯੋਜਨਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ।
ਇਸ ਮੌਕੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਤਾਲਾਬੰਦੀ ਅਤੇ ਕਰੋਨਾ ਕਾਰਨ ਉਹ ਨੌਕਰੀਆਂ ਲਈ ਏਧਰ ਓਧਰ ਭਟਕ ਰਹੇ ਸਨ ਪਰ ਇਹਨਾਂ ਰੋਜ਼ਗਾਰ ਮੇਲਿਆਂ ਨਾਲ ਉਹ ਰੋਜ਼ਗਾਰ ਨਾਲ ਜੁੜ ਗਏ ਹਨ। ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਸ਼੍ਰੀ ਹੰਸ ਨੇ ਨੌਜਵਾਨ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਹੋਣ ਅਤੇ ਰੋਜ਼ਗਾਰ ਦੇ ਹੋਰ ਮੌਕੇ ਲੈਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਜੁੜਨ ਦਾ ਸੱਦਾ ਦਿੱਤਾ।