ਮੋਗਾ, 24 ਦਸੰਬਰ (ਜਗਰਾਜ ਸਿੰਘ ਗਿੱਲ)
ਜੁਲਾਈ 2020 ਦੌਰਾਨ ਵਧੀਆ ਕਾਰਗੁਜ਼ਾਰੀ ਦੇ ਸਦਕਾ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜ਼ਿਲ੍ਹਾ ਮੋਗਾ ਨੇ ਓਵਰਆਲ ਵਧੀਆ ਡੈਲਟਾ ਰੈਕਿੰਗ ਪ੍ਰਾਪਤ ਕੀਤੀ ਸੀ ਜਿਸ ਦੇ ਉਤਸ਼ਾਹ ਵਜੋਂ ਜ਼ਿਲ੍ਹਾ ਮੋਗਾ ਨੂੰ ਨੀਤੀ ਆਯੋਗ ਵੱਲੋਂ 3 ਕਰੋੜ ਰੁਪਏ ਦੀ ਵਾਧੂ ਰਾਸ਼ੀ ਦਿੱਤੀ ਜਾਣੀ ਹੈ।
ਇਸ 3 ਕਰੋੜ ਰੁਪਏ ਦੀ ਰਾਸ਼ੀ ਦੀ ਯੋਗ ਵਰਤੋਂ ਹਿੱਤ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸਦਾ ਲਾਹਾ ਮਿਲ ਸਕੇ ਦੇ ਮਨੋਰਥ ਵਜੋਂ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਐਸ.ਪੀ.ਵੀ. (ਸਪੈਸ਼ਲ ਪਰਪਜ਼ ਵਹੀਕਲ) ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਤੋਂ ਇਸ ਰਾਸ਼ੀ ਨਾਲ ਕਰਵਾਏ ਜਾ ਸਕਣ ਵਾਲੇ ਲੋਕ ਭਲਾਈ ਕਾਰਜਾਂ ਦੀਆਂ ਤਜਵੀਜ਼ਾਂ ਦੀ ਮੰਗ ਵੀ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਹਰਚਰਨ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰ. ਸੁਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰਾਸ਼ੀ ਨੂੰ ਅਜਿਹੇ ਕੰਮਾਂ ਲਈ ਵਰਤਿਆ ਜਾਵੇਗਾ ਜਿਸ ਨਾਲ ਵੱਧ ਤੋਂ ਵੱਧ ਆਮ ਲੋਕਾਂ ਨੂੰ ਲਾਹਾ ਮਿਲ ਸਕੇ। ਇਸ ਉੱਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਪ੍ਰਿਤਪਾਲ ਸਿੰਘ ਨੇ ਜ਼ਿਲ੍ਹਾ ਮੋਗਾ ਵਿੱਚ ਮਿੱਟੀ ਪਰਖ ਵਾਸਤੇ ਇੱਕ ਲੈਬ ਸਥਾਪਤ ਕਰਨ ਦੀ ਤਜਵੀਜ਼ ਰੱਖੀ ਜਿਸ ਉੱਤੇ ਕਰੀਬ 1.25 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ। ਇਸ ਲੈਬ ਵਿੱਚ ਮਿੱਟੀ ਵਿੱਚ ਮੌਜੂਦ ਛੋਟੇ ਤੱਤਾਂ ਦੀ ਪਰਖ ਕੀਤੀ ਜਾ ਸਕੇਗੀ। ਇਸ ਤੋਂ ਪਹਿਲਾਂ ਇਹ ਲੈਬ ਫਰੀਦਕੋਟ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੀ ਸਥਾਪਤ ਹਨ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰਵੀਨ ਕੌਰ ਧਾਲੀਵਾਲ ਨੇ ਤਜਵੀਜ਼ ਰੱਖੀ ਕਿ ਉਨ੍ਹਾਂ ਨੂੰ ਸੀਰਮ ਐਨੇਲਾਈਜ਼ਰ ਅਤੇ ਵੈਕਸੀਨੇਸ਼ਨ ਦੀ ਟਰਾਂਸਪੋਰਟੇਸ਼ਨ ਲਈ ਫਰਿੱਜਯੁਕਤ ਇੱਕ ਵੈਨ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਸਿਹਤ ਵਿਭਾਗ ਦੇ ਸਹਾਇਕ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਸਿਵਲ ਹਸਪਤਾਲ ਲਈ ਲੈਬ ਸਾਜੋ ਸਮਾਨ ਦੀ ਤਜਵੀਜ਼ ਰੱਖੀ। ਉਕਤ ਸਾਰੀਆਂ ਤਜਵੀਜ਼ਾਂ ਨੂੰ ਪ੍ਰਵਾਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਨਈਅਰ ਨੇ ਹੋਰ ਵਿਭਾਗਾਂ ਨੂੰ ਵੀ ਤੁਰੰਤ ਆਪਣੀਆਂ ਤਜਵੀਜ਼ਾਂ ਦੇਣ ਬਾਰੇ ਕਿਹਾ ਗਿਆ ਤਾਂ ਜੋ ਇਸ ਸੰਬੰਧੀ ਵਿਸਥਾਰਤ ਤਜਵੀਜ਼ ਰਿਪੋਰਟ ਨੀਤੀ ਆਯੋਗ ਨੂੰ ਭੇਜੀ ਜਾ ਸਕੇ। ਸਿੱਖਿਆ ਵਿਭਾਗ ਅਧਿਕਾਰੀਆਂ ਵੱਲੋਂ ਸਿਵਲ ਵਰਕਸ ਸੰਬੰਧੀ ਰੱਖੀ ਤਜਵੀਜ਼ ਨੂੰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਾਰੇ ਕੰਮ ਮਗਨਰੇਗਾ ਯੋਜਨਾ ਅਧੀਨ ਕੀਤੇ ਜਾ ਸਕਦੇ ਹਨ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਗਈ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਦਰਜਾਬੰਦੀ ਵਿੱਚ ਜ਼ਿਲ੍ਹਾ ਮੋਗਾ ਨੂੰ ਦੇਸ਼ ਦੇ ਸਭ ਤੋਂ ਵੱਧ 5 ਉਤਸ਼ਾਹੀ ਜ਼ਿਲ੍ਹਿਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ ਜਿਸ ਤਹਿਤ ਜ਼ਿਲ੍ਹਾ ਮੋਗਾ ਨੂੰ 3 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਇਸ ਰਾਸ਼ੀ ਨਾਲ ਕਿਸਾਨਾਂ ਨੂੰ 20 ਬੇਲਰ ਮੁਹੱਈਆ ਕਰਵਾਏ ਗਏ ਹਨ ਜੋ ਕਿ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਸਪੁਰਦ ਕਰ ਦਿੱਤੇ ਗਏ ਹਨ। ਇਹ 20 ਬੇਲਰ ਅਤੇ ਰੇਕ ਜ਼ਿਲ੍ਹੇ ਵਿਚ ਚੁਣੇ ਗਏ 10 ਪਿੰਡਾਂ, ਜਿਨ੍ਹਾਂ ਵਿਚ ਅਜੀਤਵਾਲ, ਡਾਲਾ, ਘੱਲ ਕਲਾਂ, ਖੋਸਾ ਪਾਂਡੋ, ਮਾਣੂੰਕੇ, ਚੰਦ ਨਵਾਂ, ਗਾਜ਼ਿਆਣਾ, ਬੱਧਨੀ ਕਲਾਂ, ਕਿਸ਼ਨਪੁਰਾ ਕਲਾਂ ਅਤੇ ਕੋਟ ਮੁਹੰਮਦ ਖਾਂ ਸ਼ਾਮਿਲ ਹਨ, ਦੀਆਂ ਸਹਿਕਾਰੀ ਸਭਾਵਾਂ ਨੂੰ ਦਿੱਤੇ ਗਏ। ਇਸ ਨਾਲ ਕਿਸਾਨਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਰੁਝਾਨ ਘੱਟ ਹੋਇਆ ਹੈ।