ਨਿਹਾਲ ਸਿੰਘ ਵਾਲਾ, (ਕੁਲਦੀਪ ਗੋਹਲ ,ਮਿੰਟੂ ਖੁਰਮੀ ) ਮੋਗਾ ਜ਼ਿਲ੍ਹੇ ਦੇ ਤਹਿਸੀਲ ਨਿਹਾਲ ਸਿੰਘ ਵਾਲਾ ‘ਚ ਵੀ ਅੱਜ ਕੋਰੋਨਾ ਵਾਇਰਸ ਦੀ ਦਸਤਕ ਨਾਲ ਜਿੱਥੇ ਸ਼ਹਿਰ ਵਾਸੀਆਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਥਾਣਾ ਨਿਹਾਲ ਸਿੰਘ ਵਾਲਾ ਦਾ ਇਕ ਮੁਲਾਜ਼ਮ ਕੋਰੋਨਾ ਪਾਜ਼ੀਟਿਵ ਆਉਣ ਤੇ ਉਸ ਦੇ ਸੰਪਰਕ ਚ ਰਹਿਣ ਵਾਲੇ ਪੁਲਿਸ ਮੁਲਾਜ਼ਮਾਂ ਚ ਤਰਥੱਲੀ ਮੱਚ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ, ਥਾਣਾ ਮੁੱਖ ਅਫ਼ਸਰ ਇੰਸਪੈਕਟਰ ਪਲਵਿੰਦਰ ਸਿੰਘ ਨੇ ਨਿਊਜ਼ ਪੰਜਾਬ ਦੀ ਦੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਰੁਟੀਨ ਅਨੁਸਾਰ ਥਾਣੇ ਦੇ ਸਾਰੇ ਮੁਲਾਜ਼ਮਾਂ ਦੇ ਕੁਝ ਦਿਨ ਪਹਿਲਾਂ ਹੀ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਸਨ। ਜਿਨ੍ਹਾਂ ਚੋਂ ਇਕ ਮੁਲਾਜ਼ਮ ਕੋਰੋਨਾ ਪਾਜ਼ੀਟਿਵ ਆਉਣ ਤੇ ਤੁਰੰਤ ਸਿਹਤ ਕੇਂਦਰ ਨਿਹਾਲ
ਸਿੰਘ ਵਾਲਾ ਦੀ ਮੈਡੀਕਲ ਟੀਮ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਥਾਣੇ ਅੰਦਰ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ
20 ਫੀਸਦੀ ਮੁਲਾਜ਼ਮ ਹੀ ਕੰਮ ਕਰਨਗੇ ਅਤੇ ਬਾਕੀਆਂ ਨੂੰ ਮੈਡੀਕਲ ਰਿਪੋਰਟ ਆਉਣ ਤੱਕ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਬਹੁਤ ਹੀ ਜ਼ਰੂਰੀ ਕੰਮ ਹੋਵੇ ਤਾਂ ਫੋਨ ਜ਼ਰੀਏ ਥਾਣੇ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਹਸਪਤਾਲ ਦੇ ਡਾ: ਉਪਵਨ ਚੁਬੇਰਾ,ਡਾ ਰਾਜਵੀਰ ਕੌਰ ,ਰਛਪਾਲ ਸਿੰਘ (Radiology) ਮਨਜੀਤ ਸਿੰਘ ਫਾਰਮੇਸੀ ਅਫਸਰ ,ਜੱਗਾ ਸਿੰਘ ਫਾਰਮੇਸੀ ਅਫਸਰ ਅਤੇ ਟੀਮ ਵੱਲੋਂ ਕਰੋਨਾ ਪਾਜ਼ੀਟਿਵ ਪਾਏ ਪੁਲਿਸ
ਮੁਲਾਜ਼ਮ ਨੂੰ ਤੁਰੰਤ ਬਾਘਾ ਪੁਰਾਣਾ ਵਿਖੇ ਉਸ ਦੇ ਘਰ 14 ਦਿਨ ਲਈ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਅਤੇ ਬਾਕੀ ਮੁਲਾਜ਼ਮ ਦੇ ਸੈਂਪਲ ਕਮਿਉਨਿਟੀ ਸਿਹਤ ਕੇਂਦਰ ‘ਚ ਲਏ ਗਏ। ਡਾ. ਉਪਵਨ ਚੁਬੇਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਥਾਣਾ ਨਿਹਾਲ ਸਿੰਘ ਵਾਲਾ ਦੇ 42 ਪੁਲਿਸ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਜੋ ਕਿ ਲੈਬ ਟੈਸਟ ਲਈ ਭੇਜੇ ਗਏ ਹਨ ਅਤੇ ਇਨ੍ਹਾਂ ਦੀ ਰਿਪੋਰਟ ਦੋ-ਤਿੰਨ ਤੱਕ ਆ ਜਾਵੇਗੀ । ਇਸ ਮੌਕੇ ਡਿਉਟੀ ਮਜਿਸਟਰੇਟ ਤਹਿਸੀਲਦਾਰ ਭੁਪਿੰਦਰ ਸਿੰਘ ਵਲੋਂ ਤੁਰੰਤ ਥਾਣੇ ਨੂੰ ਸੈਨੀਟਾਈਜ਼ ਕਰਨ ਲਈ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਰਜਿੰਦਰ ਕਾਲੜਾ ਨੂੰ ਹਦਾਇਤਾਂ ਦਿੱਤੀਆਂ ਗਈਆਂ ਅਤੇ ਨਗਰ ਪੰਚਾਇਤ ਦੇ ਕਰਮਚਾਰੀਆਂ ਵਲੋਂ ਤੁਰਾਨਤ ਥਾਣੇ ਨੂੰ ਸੈਨੀਟਾਈਜ਼ ਕਰਨ ਦਾ ਕੰਮ ਆਰੰਭ ਕਰ ਦਿੱਤਾ ਗਿਆ।