ਮੋਗਾ 1 ਸਤੰਬਰ (ਜਗਰਾਜ ਸਿੰਘ ਗਿੱਲ)
ਪੰਜਾਬ ਸਰਕਾਰ ਦੁਆਰਾ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ। ਸਰਕਾਰ ਦੁਆਰਾ ਨੌਜਵਾਨਾਂ ਨੂੰ ਵੱਖ ਵੱਖ ਕਰਜ਼ਾ ਸਕੀਮਾਂ ਜਰੀਏ ਸਵੈ ਰੋਜ਼ਗਾਰ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਅਫਸਰ ਪਰਮਿੰਦਰ ਕੌਰ ਨੇ ਦੱਸਿਆ ਕਿ ਸਵੈਰੋਜ਼ਗਾਰ ਸਕੀਮ ਅਧੀਨ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ 25 ਲੱਖ ਰੁਪਏ ਦਾ ਕਰਜ਼ਾ ਨਿਰਮਾਣ ਖੇਤਰ ਅਧੀਨ ਪ੍ਰੋਜੈਕਟਾਂ ਲਈ ਅਤੇ 10 ਲੱਖ ਰੁਪਏ ਦਾ ਕਰਜ਼ਾ ਸਰਵਿਸ ਖੇਤਰਾਂ ਲਈ ਵੱਖ-ਵੱਖ ਨੈਸ਼ਨਲਾਈਜ਼ਡ ਬੈਕਾਂ ਰਾਹੀਂ ਦਿਵਾਉਣ ਦੇ ਨਾਲ-ਨਾਲ ਸਰਕਾਰ ਵੱਲੋਂ ਮਾਰਜਨ ਮਨੀ ਦੇ ਰੂਪ ਵਿੱਚ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਇਹ ਸਕੀਮ ਰਾਜ ਵਿੱਚ ਤਿੰਨ ਏਜੰਸੀਆਂ ਕੇ.ਵੀ.ਆਈ.ਸੀ., ਪੰਜਾਬ ਖਾਦੀ ਬੋਰਡ ਅਤੇ ਉਦਯੋਗ ਵਿਭਾਗ ਰਾਹੀਂ ਕ੍ਰਮਵਾਰ 30:30:40 ਦੇ ਅਨੁਪਾਤ ਨਾਲ ਲਾਗੂ ਕੀਤੀ ਜਾ ਰਹੀ ਹੈ, ਜਿਸ ਵਿੱਚ ਹਰੇਕ ਵਰਗ ਦਾ ਵਿਅਕਤੀ ਕਰਜ਼ਾ ਲੈ ਸਕਦਾ ਹੈ। ਸਕੀਮ ਅਧੀਨ ਜਨਰਲ ਵਰਗਾਂ ਦੇ ਉੱਂਦਮੀਆਂ ਨੂੰ ਪ੍ਰੋਜੈਕਟ ਦੀ ਕੀਮਤ ਦੀ ਵੱਧ ਤੋਂ ਵੱਧ 25 ਪ੍ਰਤੀਸ਼ਤ ਸਬਸਿਡੀ ਅਤੇ ਸਪੈਸ਼ਲ ਰਿਜ਼ਰਵ ਵਰਗਾਂ ਵਾਲੇ ਉੱਦਮੀਆਂ ਨੂੰ ਪ੍ਰੋਜੈਕਟ ਲਾਗਤ ਦੀ 25 ਲੱਖ ਰੁਪਏ ਤੱਕ ਦੇ ਪ੍ਰੋਜੈਕਟ ਤੇ ਵੱਧ ਤੋਂ ਵੱਧ 35 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਇਸ ਸਕੀਮ ਲਈ ਲਾਭਪਾਤਰੀ ਦੀ ਉਮਰ ਸੀਮਾ 18 ਸਾਲ ਹੈ ਤੇ ਸ਼ਹਿਰੀ ਖੇਤਰ ਲਈ ਬਿਨੈਕਾਰ ੳਪਰੋਕਤ ਤਿੰਨਾਂ ਏਜੰਸੀਆਂ ਵਿਚੋਂ ਕਿਸੇ ਵੀ ਇੱਕ ਏਜੰਸੀ ਵਿੱਚ ਅਪਲਾਈ ਕਰ ਸਕਦਾ ਹੈ। ਸਕੀਮ ਅਨੁਸਾਰ ਸੈਕਸ਼ਨ ਕੇਸ਼ਾਂ ਵਿੱਚ ਟ੍ਰੇਨਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਕੀਮ ਸਬੰਧੀ ਪ੍ਰਾਰਥੀ www.kviconline.gov.in ਤੇ ਅਪਲਾਈ ਕਰ ਸਕਦਾ ਹੈ ਤੇ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦੇ ਹੈਲਪਲਾਈਨ ਨੰਬਰ 62392-66860 ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।