ਮੋਗਾ, 4 ਅਗਸਤ (ਜਗਰਾਜ ਲੋਹਾਰਾ) – ਸ਼ਹਿਰੀ ਖੇਤਰਾਂ ਦੇ ਸੁੰਦਰੀਕਰਨ ਅਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਅਮਰੁਤ (ਅਟਲ ਮਿਸ਼ਨ ਫਾਰ ਰੀਜੂਵੈਨਸ਼ਨ ਐਂਡ ਅਰਬਨ ਟ੍ਰਾਂਸਫਰਮੇਸ਼ਨ) ਸਕੀਮ ਜਿਸਦਾ ਮੁੱਖ ਮੰਤਵ ਸਾਰੇ ਸ਼ਹਿਰੀ ਘਰਾਂ ਨੁੂੰ ਪਾਣੀ ਦੀ ਸਪਲਾਈ, ਸੀਵਰੇਜ਼ ਨਾਲ ਲੇੈਸ ਕਰਨਾ, ਨਾਲਿਆਂ ਦੀ ਸਾਫ ਸਫਾਈ, ਜਨਤਕ ਅਤੇ ਹਰੀਆਂ ਥਾਵਾਂ ਨਾਲ ਜੁੜੇ ਕੰਮ ਜਿਵੇਕਿ ਪਾਰਕਾਂ ਦਾ ਨਿਰਮਾਣ ਅਤੇ ਉਨ੍ਹਾਂ ਨੂੰ ਡਿਵੈਲਪ ਕਰਨਾ ਸ਼ਾਮਿਲ ਹਨ, ਅਧੀਨ ਆਉਣ ਵਾਲੇ ਦਿਨਾਂ ਵਿੱਚ ਮੋਗਾ ਸ਼ਹਿਰ ਦੇ ਪੰਜ ਪਾਰਕਾਂ ਦੀ ਰੂਪ ਰੇਖਾ ਬਦਲ ਕੇ ਇਨ੍ਹਾਂ ਨੂੰ ਸਮਾਰਟ ਬਣਾਇਆ ਜਾਵੇਗਾ। ਡਿਵੈਲਪ ਹੋਣ ਵਾਲੇ ਇਨ੍ਹਾਂ ਪਾਰਕਾਂ ਵਿੱਚ ਵਿਸ਼ਵਕਰਮਾ ਪਾਰਕ, ਸੁਆਮੀ ਵੇਦਾਂਤਨੰਦ ਜੀ ਪਾਰਕ, ਕਮਿਸ਼ਨਰ ਰੈਜੀਡੈਸ ਪਾਰਕ, ਮਨੀ ਸਿੰਘ ਚਿਲਡਰਨ ਫ੍ਰੈਡਲੀ ਪਾਰਕ, ਪਹਾੜਾ ਸਿੰਘ ਚਿਲਡਰਨ ਫ੍ਰੈਡਲੀ ਪਾਰਕ ਸ਼ਾਮਿਲ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਕੋਵਿਡ਼ 19 ਦੌਰਾਨ ਪੰਜਾਬ ਵਿੱਚ ਸਥਿਤ ਆਮ ਵਾਂਗ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਅਤੇ ਐਮ.ਸੀ. ਫੰਡ ਅਧੀਨ ਸ਼ਹਿਰ ਦੇ ਡਿਸਪੋਜ਼ਲਜ/ਟਿਊਬਵੈਲਜ਼ ਤੇ ਢੁਕਵੀਆਂ ਥਾਵਾਂ ਤੇ ਪਾਰਕ (ਓਪਨ ਜਿੰਮ) ਡਿਵੈਲਪ ਕਰਨ ਲਈ ਤਖਮੀਨੇ ਤਿਆਰ ਕਰ ਲਏ ਗਏ ਹਨ ਜੋ ਆਉਣ ਵਾਲੇ ਸਮੇ ਵਿੱਚ ਡਿਵੈਲਪ ਕੀਤੇ ਜਾਣਗੇ। ਇਨਵਾਇਰਨਮੈਟ ਫੰਡ ਵਿੱਚੋ ਦੁੱਨੇਕੇ ਵਿਖੇ ਚਿਲਡਰਨ ਮਨੋਰੰਜਨ ਪਾਰਕ ਦਾ ਤਖਮੀਨਾ ਤਿਆਰ ਕਰ ਲਿਆ ਗਿਆ ਹੈ। ਲੰਢੇਕੇ ਵਿਖੇ ਬਾਇਓ ਡਾਇਵਰਸਿਟੀ ਪਾਰਕ ਦੀ ਤਜਵੀਜ ਤਿਆਰ ਕੀਤੀ ਗਈ ਹੈ।
ਅਮਰੁਤ ਸਕੀਮ ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਰਕ ਮੈਨੇਜਮੈਟ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਹਨ। ਪਾਰਕ ਮੇੈਨੇਜਮੈਟ ਕਮੇਟੀ ਇੱਕ ਅਜਿਹੀ ਕਮੇਟੀ ਹੈ ਜੋ ਕਿ ਸਬੰਧਤ ਪਾਰਕ ਦੇ ਆਲੇ ਦੁਆਲੇ ਰਹਿਣ ਵਾਲੇ ਵਸਨੀਕਾਂ ਵੱਲੋ ਬਣਾਈ ਜਾਂਦੀ ਹੈ ਅਤੇ ਇਹ ਕਮੇਟੀ ਪਾਰਕ ਦੀ ਮੇਨਟੀਨੈਸ ਦੀ ਜਿੰਮੇਵਾਰੀ ਲੈਦੀ ਹੈ। ਨਗਰ ਨਿਗਮ ਸਬੰਧਤ ਕਮੇਟੀ ਨੂੰ ਦਫ਼ਤਰ ਵਿੱਚ ਰਜਿਸਟਰਡ ਕਰਕੇ ਸਥਾਨਕ ਸਰਕਾਰਾਂ ਵਿਭਾਗ ਵੱਲੋ ਮਨਜੂਰਸ਼ੁਦਾ ਰੇਟਾਂ ਮੁਤਾਬਿਕ ਪੀ.ਐਮ.ਸੀ. ਨੂੰ ਫੰਡ ਰਿਲੀਜ਼ ਕੀਤਾ ਜਾਵੇਗਾ।
ਉਪਰੋਕਤ ਤੋ ਇਲਾਵਾ ਸ਼ਹਿਰ ਦੀਆਂ ਵੱਡੀਆਂ ਸੜਕਾਂ, ਖਾਲੀ ਪਈਆਂ ਥਾਵਾਂ ਤੇ ਪਲਾਂਟੇਸ਼ਨ ਡ੍ਰਾਈਵ ਚੱਲ ਰਹੀ ਹੈ ਜਿਸ ਅਧੀਨ ਚੌੜੀਆਂ ਸੜਕਾਂ ਤੇ ਰੰਗਦਾਰ ਦਰੱਖਤ, ਸੈਟਰ ਵਰਜਿਜ ਤੇ ਸ੍ਰਬਜ਼ ਲਗਾਏ ਜਾ ਰਹੇ ਹਨ। ਇਸ ਕੰਮ ਸਮਾਮ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਕੀਤਾ ਜਾ ਰਿਹਾ ਹੈ। ਨਾਲ ਹੀ ਸ਼ਹਿਰ ਦੇ ਸੁੰਦਰੀਕਰਨ ਲਈ ਢੁੱਕਵੀਆਂ ਥਾਵਾਂ ਤੇ ਵਰਟੀਕਲ ਗਾਰਡਨ ਵੀ ਲਗਾਇਆ ਜਾ ਰਿਹਾ ਹੈ।