ਮੋਗਾ, 16 ਫਰਵਰੀ (ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)
ਗੈਰ ਸਮਾਜੀ ਅਨਸਰਾਂ ਵੱਲੋਂ ਭੋਲੇ ਭਾਲੇ ਅਤੇ ਰਸੂਖਦਾਰ ਵਿਅਕਤੀਆਂ ਨੂੰ ਧਮਕੀ ਭਰੇ ਫੋਨ ਕਰਕੇ ਡਰਾਉਣ ਧਮਕਾਉਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨ ਬੀਰ ਸਿੰਘ ਗਿੱਲ ਨੇ ਅਜਿਹੇ ਪੀੜਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਕੋਈ ਵੀ ਕਾਲ ਆਉਣ ਉੱਤੇ ਘਬਰਾਉਣ ਨਾ, ਬਲਕਿ ਤੁਰੰਤ ਮੋਗਾ ਪੁਲਿਸ ਨੂੰ ਸੂਚਨਾ ਦੇਣ।
ਸ੍ਰ ਗਿੱਲ ਨੇ ਕਿਹਾ ਕਿ ਖਬਰਾਂ ਮਿਲ ਰਹੀਆਂ ਹਨ ਕਿ ਕੁਝ ਠੱਗ ਅਤੇ ਸ਼ਰਾਰਤੀ ਕਿਸਮ ਦੇ ਲੋਕ ਭੋਲੇ ਭਾਲੇ ਅਤੇ ਰਸੂਖਦਾਰ ਵਿਅਕਤੀਆਂ ਨੂੰ ਧਮਕੀ ਭਰੇ ਫੋਨ ਕਰਕੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹਨਾਂ ਤੋਂ ਫਿਰੌਤੀ ਦੀ ਮੰਗ ਕਰਦੇ ਹਨ। ਮੋਗਾ ਪੁਲਿਸ ਅਜਿਹੇ ਲੋਕਾਂ ਦੀ ਲਗਾਤਾਰ ਪੈੜ ਨੱਪ ਰਹੀ ਹੈ ਅਤੇ ਇਹਨਾਂ ਨੂੰ ਜਲਦ ਹੀ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ।
ਸ੍ਰ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੋਗਾ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹੀ ਕੋਈ ਕਾਲ ਆਉਂਦੀ ਹੈ ਤਾਂ ਤੁਰੰਤ ਜ਼ਿਲ੍ਹਾ ਮੋਗਾ ਦੇ ਐੱਸ ਪੀ (ਅਪਰਾਧ) ਸ੍ਰ ਜਗਤਪ੍ਰੀਤ ਸਿੰਘ (9815481335) ਅਤੇ ਡੀ ਐੱਸ ਪੀ (ਅਪਰਾਧ) ਸ੍ਰ ਜੰਗਜੀਤ ਸਿੰਘ (9815800533) ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਕਿਸੇ ਵੀ ਗੈਰ ਸਮਾਜੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।