ਨਿਹਾਲ ਸਿੰਘ ਵਾਲਾ( ਮਿੰਟੂ ਖੁਰਮੀ) ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋ ਦੁੱਧ ਦੀ ਕੀਤੀ ਜਾ ਰਹੀ ਸੈਂਪਲਿੰਗ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਦੱਸਿਆ ਕਿ ਦੁੱਧ ਇੱਕ ਸੰਤੁਲਿਤ ਖੁਰਾਕ ਹੈ, ਜਿਸ ਵਿੱਚ ਵਿੱਚ ਸਰੀਰ ਦੇ ਵਿਕਾਸ ਲਈ ਹਰ ਲੋੜੀਦੇ ਪੋਸ਼ਟਿਕ ਤੱਤ ਪਾਏ ਜਾਦੇ ਹਨ। ਦੀਵਾਲੀ ਦੇ ਤਿਉਹਾਰ ਮੌਕੇ ਦੁੱਧ ਵਿੱਚ ਮਿਲਾਵਟ ਹੋਣਾ ਆਮ ਗੱਲ ਹੈ, ਜੋ ਕਿ ਦੁੱਧ ਖਪਤਕਾਰਾਂ ਦੀ ਸਿਹਤ ਲਈ ਵੀ ਹਾਨੀਕਾਰਕ ਹੈ। ਸ੍ਰੀ ਬਰਾੜ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਦੇ ਟ੍ਰੇਨਿੰਗ ਸੈਂਟਰ ਪਿੰਡ ਗਿੱਲ (ਮੋਗਾ) ਵਿਖੇ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 9 ਵਜੇ ਤੋਂ 11 ਵਜੇ ਤੱਕ ਦੁੱਧ ਦੀ ਪਰਖ ਕੀਤੀ ਜਾਦੀ ਹੈ, ਜਿਸ ਵਿੱਚ ਦੁੱਧ ਖਪਤਕਾਰਾਂ ਨੂੰ ਮੌਕੇ ‘ਤੇ ਹੀ ਦੁੱਧ ਵਿੱਚ ਮੋਜੂਦ ਫੈਟ, ਪ੍ਰੋਟੀਨ, ਗਰੈਵਟੀ, ਐਸ.ਐਨ.ਐਫ. ਅਤੇ ਓਪਰੇ ਪਾਣੀ ਦੀ ਮਾਤਰਾ ਬਾਰੇ ਦੱਸਿਆ ਜਾਦਾ ਹੈ। ਦੁੱਧ ਵਿੱਚ ਮਿਲਾਵਟ ਦੀ ਪਰਖ ਲਈ ਅਡਲਟ੍ਰੈਸ਼ਨ ਕਿੱਟ ਵੀ ਮੋਜੂਦ ਹੈ।