ਮੋਗਾ , 8 ਫਰਵਰੀ (ਦਲੀਪ ਕੁਮਾਰ) ਦਿੱਲੀ ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਬਾਅਦ ਅੱਜ ਚੋਣਾਂ ਦੇ ਆਏ ਨਤੀਜਿਆਂ ਦੇ ਬਾਅਦ ਵਿਚ ਬੀ.ਜੇ.ਪੀ ਪਾਰਟੀ ਨੇ ਇੰਨ੍ਹਾਂ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੁਣ ਭਾਜਪਾ ਦੀ ਸਰਕਾਰ ਬਣੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਯੂਥ ਵਿੰਗ ਕਾਲਜ ਆਊਟਰਿਚ ਦੇ ਸੂਬਾ ਇੰਚਾਰਜ ਹਰਮਨਦੀਪ ਸਿੰਘ ਮੀਤਾ ਨੇ ਕਰਦਿਆਂ ਕਿਹਾ ਕਿ ਦਿੱਲੀ ਵਿਚ ਬੀਜੇਪੀ ਪਾਰਟੀ ਦੀ ਸਰਕਾਰ ਆਉਣਾ ਪਾਰਟੀ ਲਈ ਹੋਰ ਵੀ ਸ਼ੁੱਭ ਸੰਕੇਤ ਹੈ, ਕਿਉਂਕਿ ਹੁਣ 2027 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਅਤੇ ਪੰਜਾਬ ਵਾਸੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪਾਰਟੀ ਨੂੰ ਇਕ ਮੌਕਾ ਜ਼ਰੂਰ ਦੇਵੇਗੀ, ਕਿਉਂਕਿ ਪੰਜਾਬ ਵਾਸੀਆਂ ਨੇ ਕਾਂਗਰਸ ਪਾਰਟੀ ਦੇ ਬਾਅਦ ਹੁਣ ਆਪ ਪਾਰਟੀ ਦੀ ਸਰਕਾਰ ਨੂੰ ਵੀ ਦੇਖ ਲਿਆ ਹੈ ਅਤੇ ਆਪ ਪਾਰਟੀ ਜੋ ਗਰੰਟੀ ਲੈਕੇ ਪੰਜਾਬ ਵਿਚ ਆਈ ਸੀ ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਪੂਰਾ ਨਹੀਂ ਕਰ ਸਕੀ, ਜਿਸ ਕਰ ਕੇ ਪੰਜਾਬ ਦੇ ਲੋਕਾਂ ਦਾ ਮਹਿਜ ਦੋ ਕੁ ਸਾਲ ਵਿਚ ਹੀ ਸੂਬਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਸੀ ਅਤੇ ਇਸ ਲਈ ਹੁਣ ਪੰਜਾਬ ਦੇ ਲੋਕ ਆਪਣਾ ਫਤਵਾ 2027 ਦੀਆਂ ਚੋਣਾਂ ਵਿਚ ਬੀਜੇਪੀ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਜੋ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਨਤੀਜਾ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸੁਵਿਧਾਵਾਂ ਤੋਂ ਦੇਸ਼ ਵਾਸੀ ਬਾਗੋ ਬਾਗ ਹਨ, ਜਿਸ ਨੂੰ ਦੇਖਦੇ ਹੋਏ ਦਿੱਲੀ ਦੇ ਲੋਕਾਂ ਨੇ ਆਪ ਸਰਕਾਰ ਨੂੰ ਦਿੱਲੀ ਤੋਂ ਲਾਂਬੇ ਕਰਦਿਆਂ ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਕੀਮਾਂ, ਸਿਹਤ ਸਹੂਲਤਾਂ ਲਈ ਲੋੜਵੰਦਾਂ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦੇ ਕਾਰਡ, ਬੁਢਾਪਾ ਪੈਂਸ਼ਨ, ਉੱਜਵਲਾ ਸਕੀਮ, ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਅਤੇ ਹੋਰਨਾਂ ਸਕੀਮਾਂ ਦੇ ਲਾਭ ਦੁਆਉਣ ਲਈ ਭਾਜਪਾ ਦੇ ਦਫਤਰਾਂ ਵਿਚ ਲੋਕਾਂ ਨੂੰ ਸਹੂਲਤਾਂ ਭਾਜਪਾ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਹਜਾਰ ਰੁਪਏ ਪੈਂਸ਼ਨ ਵਿਚ ਵਾਧਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮੁਲਾਜ਼ਮਾ ਦੀ ਰੈਗੂਲਰ ਭਰਤੀ ਕਰਨ, ਕਿਸਾਨਾਂ ਦੀ ਕਰਜਾ ਮਾਫੀ ਅਤੇ ਕਿਸਾਨਾਂ ਦੀ ਸਾਰੀ ਫਸਲਾਂ ਨੂੰ ਖਰੀਦਣ ਦੇ ਲਈ ਕੀਤੇ ਵਾਅਦਿਆਂ ਵਿਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਅੱਜ ਪੰਜਾਬ ਵਿਚ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਤਰ੍ਹਾਂ ਧਰਨੇ ਪ੍ਰਦਰਸ਼ਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿਚ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਹਾਸਲ ਕਰ ਕੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।