ਪਸ਼ੂ ਦੇ ਸਰੀਰ ਉੱਪਰ ਧੱਫੜ ਵਰਗੀਆਂ ਗੱਠਾਂ, ਬੁਖਾਰ, ਦੁੱਧ ਘਟਣਾ, ਭੁੱਖ ਘਟਣੀ ਬਿਮਾਰੀ ਦੇ ਮੁੱਖ ਲੱਛਣ
ਸਮੇਂ ਸਿਰ ਇਲਾਜ ਬਹੁਤ ਹੀ ਜਰੂਰੀ-ਡਾ. ਹਰਵੀਨ ਕੌਰ
ਮੋਗਾ, 27 ਜੁਲਾਈ (ਜਗਰਾਜ ਸਿੰਘ ਗਿੱਲ)
ਅੱਜ-ਕੱਲ੍ਹ ਪਸ਼ੂਆਂ ਵਿੱਚ ਲੰਪੀ ਸਕਿਨ ਨਾਮ ਦੀ ਬਿਮਾਰੀ ਵੇਖਣ ਨੂੰ ਮਿਲ ਰਹੀ ਹੈ ਜਿਸਤੋਂ ਪਸ਼ੂ ਪਾਲਕਾਂ ਨੂੰ ਜਾਣੂੰ ਹੋਣ ਅਤੇ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਹੀ ਜਰੂਰੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਨੇ ਦੱਸਿਆ ਕਿ ਇਹ ਐਲ.ਐਸ.ਡੀ. ਦੀ ਬਿਮਾਰੀ ਕੈਪਰੀਪੋਕਸ ਨਾਮ ਦੇ ਵਿਸ਼ਾਣੂ ਤੋਂ ਹੁੰਦੀ ਹੈ। ਪਿਛਲੇ ਤਿੰਨ ਸਾਲ ਤੋਂ ਇਹ ਬਿਮਾਰੀ ਗੁਜਰਾਤ, ਰਾਜਸਥਾਨ ਸੂਬਿਆਂ ਅਤੇ ਦੱਖਣ ਭਾਰਤ ਵਿੱਚ ਦੇਖੀ ਜਾ ਰਹੀ ਸੀ ਜੋ ਕਿ ਘੁਮਾਤਰੂ ਪਸ਼ੂਆਂ ਦੀ ਆਵਾਜਾਈ ਇੱਕ ਦੂਜੇ ਸੂਬੇ ਵਿੱਚ ਹੋਣ ਕਾਰਨ ਪੰਜਾਬ ਵਿੱਚ ਵੀ ਪੈਰ ਪਸਾਰ ਰਹੀ ਹੈ। ਜਿਆਦਾ ਕਰਕੇ ਇਹ ਵਾਈਰਸ ਕਮਜ਼ੋਰ ਅਤੇ ਘੱਟ ਇਮਊਨਿਟੀ ਵਾਲੇ ਜਾਨਵਰ ਵਿੱਚ ਹੁੰਦਾ ਹੈ। ਮੱਝਾਂ ਨਾਲੋਂ ਗਾਵਾਂ ਵਿੱਚ ਇਸਦੇ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਪਸ਼ੂ ਦੇ ਸਰੀਰ ਉੱਪਰ ਧੱਫੜ ਦੀ ਤਰ੍ਹਾਂ ਗੱਠਾਂ ਬਣਨੀਆਂ, ਪਸ਼ੂਆਂ ਨੂੰ ਬੁਖਾਰ ਹੋਣਾ, ਲੰਗੜਾਪਣ, ਦੁੱਧ ਘਟਣਾ, ਫਲ ਸੁੱਟਣਾ, ਸਾਹ ਲੈਣ ਵਿੱਚ ਤਕਲੀਫ਼, ਪੱਠੇ ਘੱਟ ਖਾਣਾ ਆਦਿ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਜੇਕਰ ਇਨ੍ਹਾਂ ਵਿੱਚੋਂ ਸਾਰੇ ਜਾਂ ਕੋਈ ਵੀ ਲੱਛਣ ਪਸ਼ੂ ਵਿੱਚ ਪਾਇਆ ਜਾਂਦਾ ਹੈ ਤਾਂ ਤੁਰੰਤ ਪਸ਼ੂ ਨੂੰ ਨੇੜਲੇ ਸਰਕਾਰੀ ਪਸ਼ੂ ਹਸਪਤਾਲ ਵਿੱਚ ਲਿਜਾ ਕੇ ਚੈੱਕਅੱਪ ਕਰਵਾਓ। ਉਨ੍ਹਾਂ ਕਿਹਾ ਕਿ ਇਹ ਵਾਈਰਸ ਹੁੰਮਸ ਅਤੇ ਗਰਮੀ ਵਿੱਚ ਜਿਆਦਾ ਫੈਲਦਾ ਹੈ। ਇੱਕ ਬਿਮਾਰ ਪਸ਼ੂ ਤੋਂ ਦੂਜੇ ਪਸ਼ੂ ਤਕ ਇਹ ਵਾਈਰਸ ਚਿੱਚੜ, ਮੱਛਰ, ਮੱਖੀ ਦੇ ਕੱਟਣ ਨਾਲ ਫੈਲਦਾ ਹੈ।
ਇਲਾਜ ਅਤੇ ਕੰਟਰੋਲ ਬਾਰੇ ਜਾਣਕਾਰੀ ਦਿੰਦਿਆਂ ਹਰਵੀਨ ਕੌਰ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਗ੍ਰਸਤ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ। ਪਸ਼ੂਆਂ ਨੂੰ ਖੁੱਲ੍ਹੇ ਵਿੱਚ ਚਰਨ ਤੋਂ ਰੋਕਣਾ ਚਾਹੀਦਾ ਹੈ। ਪਸ਼ੂਆਂ ਦੇ ਵਾੜੇ ਵਿੱਚ ਮੱਛਰ, ਮੱਖੀ, ਚਿੱਚੜ ਆਦਿ ਤੇ ਕੰਟਰੋਲ ਕਰਨਾ ਚਾਹੀਦਾ ਹੈ। ਇਸ ਬਿਮਾਰੀ ਦਾ ਇਲਾਜ ਨੇੜੇ ਦੀ ਸਰਕਾਰੀ ਪਸ਼ੂ ਸੰਸਥਾ ਤੋਂ ਮਾਹਿਰ ਡਾਕਟਰ ਤੋਂ ਹੀ ਕਰਵਾਉਣਾ ਚਾਹੀਦਾ ਹੈ।
ਐਂਟੀਬਾਇਓਟਿਕ, ਐਂਟੀ ਐਲਰਜੀ ਅਤੇ ਬੁਖਾਰ ਉਤਾਰਨ ਵਾਲੇ ਟੀਕੇ ਅਤੇ ਬਾਅਦ ਵਿੱਚ ਬੀ ਕੰਪਲੈਕਸ/ਵਿਟਾਮਿਨ ਟੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਧੱਫੜਾਂ ਵਿੱਚ ਪੀਕ ਭਰ ਜਾਵੇ ਤਾਂ ਜਖਮਾਂ ਉੱਪਰ ਮੱਲਮ ਲਗਾਉਣੀ ਚਾਹੀਦੀ ਹੈ। ਪਸ਼ੂਆਂ ਨੂੰ ਨਰਮ ਚਾਰਾ ਅਤੇ ਤਾਜ਼ਾ ਪਾਣੀ ਦੇਣਾ ਚਾਹੀਦਾ ਹੈ। ਚੰਗੇ ਅਤੇ ਸਹੀ ਤਰੀਕੇ ਦੇ ਇਲਾਜ ਨਾਲ ਪਸ਼ੂ ਨੂੰ 5 ਦਿਨਾਂ ਵਿੱਚ ਫਰਕ ਮਹਿਸੂਸ ਹੋਣ ਲੱਗਦਾ ਹੈ। ਇਸ ਬਿਮਾਰੀ ਨਾਲ ਪਸ਼ੂਆਂ ਵਿੱਚ ਮੌਤ ਦਰ ਬਹੁਤ ਹੀ ਘੱਟ ਹੈ ਪ੍ਰੰਤੂ ਫਿਰ ਵੀ ਇਲਾਜ ਵਿੱਚ ਦੇਰੀ ਭਾਰੀ ਪੈ ਸਕਦੀ ਹੈ। ਜੇਕਰ ਪਸ਼ੂਆਂ ਦਾ ਇਲਾਜ ਮਾਹਿਰ ਡਾਕਟਰ ਵੱਲੋਂ ਕੀਤਾ ਜਾਵੇ ਤਾਂ ਪਸ਼ੂ ਠੀਕ ਹੋ ਜਾਂਦੇ ਹਨ। ਪਸ਼ੂਆਂ ਦਾ ਆਲਾ ਦੁਆਲਾ ਸਾਫ਼ ਅਤੇ ਮੱਛਰ, ਮੱਖੀ, ਚਿੱਚੜਾਂ ਰਹਿਤ ਹੋਵੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।