ਮੋਗਾ, 24 ਜੂਨ (ਜਗਰਾਜ ਸਿੰਘ ਗਿੱਲ,ਮਨਪ੍ਰੀਤ ਮੋਗਾ) – ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਜ਼ਿਲਾ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਯਕੀਨੀ ਬਣਾਉਣ ਕਿ ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਪਹਿਲਾਂ ਆਪਣੇ ਅਧੀਨ ਆਉਂਦੀਆਂ ਦਫ਼ਤਰੀ ਇਮਾਰਤਾਂ ਦੀਆਂ ਛੱਤਾਂ ਦੀ ਸਫ਼ਾਈ ਕਰਵਾ ਲਈ ਜਾਵੇ। ਉਨਾਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਬਲਾਕਾਂ ਦੀਆਂ ਇਮਾਰਤੀ ਛੱਤਾਂ ਦਾ ਖੁਦ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨਾਲ ਸੁਪਰਡੈਂਟ ਸ੍ਰੀ ਪ੍ਰਵੀਨ ਕੁਮਾਰ, ਪੀ. ਏ. ਸ੍ਰੀ ਅੰਕਿਤ ਅਤੇ ਹੋਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਤੌਰ ਉੱਤੇ ਦੇਖਿਆ ਜਾਂਦਾ ਹੈ ਕਿ ਮੀਂਹ ਦੇ ਦਿਨਾਂ ਦੌਰਾਨ ਸਰਕਾਰੀ ਦਫ਼ਤਰਾਂ ਦੀਆਂ ਛੱਤਾਂ ਉਤੇ ਕਿੰਨਾਂ-ਕਿੰਨਾਂ ਸਮਾਂ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਛੱਤਾਂ ਚੋਣ ਲੱਗ ਜਾਂਦੀਆਂ ਹਨ ਅਤੇ ਕਈ ਵਾਰ ਤਾਂ ਕੋਈ ਵੱਡਾ ਨੁਕਸਾਨ ਹੋਣ ਦਾ ਵੀ ਖਦਸ਼ਾ ਬਣ ਜਾਂਦਾ ਹੈ। ਇਹ ਸਭ ਸਮੇਂ-ਸਮੇਂ ਉਤੇ ਛੱਤਾਂ ਦੀ ਸਫਾਈ ਨਾ ਕਰਾਉਣ ਦੇ ਕਾਰਨ ਹੁੰਦਾ ਹੈ। ਕਈ ਵਾਰ ਪਾਣੀ ਜਿਆਦਾ ਸਮਾਂ ਖੜਾ ਰਹਿਣ ਕਾਰਨ ਵੱਡੇ ਵੱਡੇ ਦਰੱਖ਼ਤ ਵੀ ਛੱਤਾਂ ਜਾਂ ਕੰਧਾਂ ਵਿੱਚ ਉੱਗ ਜਾਂਦੇ ਹਨ। ਜਿਸ ਨਾਲ ਪੂਰੀ ਇਮਾਰਤ ਨੂੰ ਨੁਕਸਾਨ ਹੁੰਦਾ ਹੈ।
ਉਨਾਂ ਜ਼ਿਲਾ ਮੋਗਾ ਦੇ ਸਾਰੇ ਜ਼ਿਲਾ ਮੁੱਖੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਆਪਣੇ ਜਾਂ ਆਪਣੇ ਵਿਭਾਗ ਦੇ ਅਧੀਨ ਆਉਂਦੀਆਂ ਸਾਰੀਆਂ ਇਮਾਰਤਾਂ ਦੀਆਂ ਛੱਤਾਂ ਦੀ ਸਫਾਈ ਕਰਾਉਣੀ ਯਕੀਨੀ ਬਣਾਉਣ। ਉਹ ਅਗਲੇ ਕੁਝ ਦਿਨਾਂ ਦੌਰਾਨ ਮੁੜ ਕੁਝ ਹੋਰ ਸਰਕਾਰੀ ਦਫ਼ਤਰਾਂ ਦੀਆਂ ਛੱਤਾਂ ਦਾ ਜਾਇਜ਼ਾ ਲੈਣਗੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਪਾਣੀ ਕੁਦਰਤ ਦੀ ਇੱਕ ਅਨਮੋਲ ਦਾਤ ਹੈ ਜਿਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਮੀਂਹ ਦੇ ਰੂਪ ਵਿੱਚ ਡਿੱਗਣ ਵਾਲਾ ਪਾਣੀ ਸਾਡੀ ਧਰਤੀ ਦੇ ਨਿੱਤ ਦਿਨ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਵਿੱਚ ਬਹੁਤ ਸਹਾਈ ਹੋ ਸਕਦਾ ਹੈ। ਇਸ ਕਰਕੇ ਸਾਨੂੰ ਰੇਨਵਾਟਰ ਹਾਰਵੈਸਟਿੰਗ ਤਹਿਤ ਇਸ ਪਾਣੀ ਦੇ ਇੱਕ-ਇੱਕ ਤੁਪਕੇ ਨੂੰ ਬਚਾਉਣਾ ਚਾਹੀਦਾ ਹੈ।