ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਟੀਚਰ ਫੈਸਟ ਵਿਚ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਹਿੱਸਾ ਲੈਂਦੇ ਹੋਏ ਨਾਲ ਹਨ ਜ਼ਿਲ੍ਹਾ ਮੈਂਟਰ ਤੇਜਿੰਦਰ ਸਿੰਘ ਮੀਨੀਆ, ਮਨਜੀਤ ਸਿੰਘ ਬੀ ਐੱਮ, ਗੁਰਪ੍ਰੀਤ ਸਿੰਘ ਪੀਟਰ ਬੀ ਐੱਮ।
ਮੋਗਾ, 16 ਸਤੰਬਰ (ਜਗਰਾਜ ਸਿੰਘ ਗਿੱਲ) ਅਧਿਆਪਕ ਪਰਵ ਤਹਿਤ ਅਧਿਆਪਕਾਂ ਦੀ ਕਾਬਲੀਅਤ ਅਤੇ ਪੇਸ਼ਕਾਰੀ ਦਾ ਮੁਲਾਂਕਣ ਲਈ ਕਰਵਾਏ ਗਏ ਬਲਾਕ ਪੱਧਰੀ ਟੀਚਰ ਫੈਸਟ ਮੁਕਾਬਲਿਆਂ ਦੇ ਐਲਾਨੇ ਨਤੀਜਿਆਂ ਵਿਚ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਜੇਤੂ ਰਹੇ। ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਵੱਲੋਂ ਐਲਾਨ ਕੀਤੇ ਨਤੀਜੇ ਮੁਤਾਬਕ ਜੇਤੂ ਰਹੇ ਰਾਜਪੁਰਸਕਾਰ ਵਿਜੇਤਾ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਨੇ ਪੰਜਾਬੀ ਵਿਸ਼ੇ ਦੇ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਲਈ ਰਵਾਇਤੀ ਗੀਤਾਂ ਅਤੇ ਬੋਲੀਆਂ ਦੀ ਪੇਸ਼ਕਾਰੀ ਹੀ ਨਹੀਂ ਕੀਤੀ ਸਗੋਂ ਖੁਦ ਪੰਜਾਬੀ ਪਹਿਰਾਵਾ ਅਤੇ ਤੁਰਲੇ ਵਾਲੀ ਪੱਗ ਸਜਾ ਕੇ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬੀ ਦੇ ਇਸ ਨਤੀਜੇ ਵਿਚ ਹਰਜਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਦੂਸਰੇ ਅਤੇ ਰਜਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਪੁਰਾਣਾ ਤੀਜੇ ਸਥਾਨ ’ਤੇ ਰਹੇ।
ਡਾਈਟ ਮੋਗਾ ਵਿਖੇ ਜ਼ਿਲ੍ਹਾ ਮੈਂਟਰ ਤੇਜਿੰਦਰ ਸਿੰਘ ਮੀਨੀਆ ਦੀ ਅਗਵਾਈ ਵਿਚ ਹੋਏ ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਪਿ੍ਰੰਸੀਪਲ ਜਸਪ੍ਰੀਤ ਕੌਰ, ਪਿ੍ਰੰਸੀਪਲ ਹਰਜੀਤ ਕੌਰ ਅਤੇ ਅਮਰਦੀਪ ਕੌਰ ਨੇ ਨਿਭਾਈ। ਵੱਖ ਵੱਖ ਬਲਾਕਾਂ ਦੇ ਮੁਕਾਬਲਿਆਂ ਦੌਰਾਨ ਅਧਿਆਪਕਾਂ ਨੇ ਗਹਿਰੀ ਦਿਲਚਸਪੀ ਨਾਲ ਪੇਸ਼ਕਾਰੀਆਂ ਕੀਤੀਆਂ ਅਤੇ ਉਹਨਾਂ ਦੀ ਇਹ ਪ੍ਰਭਾਵਸ਼ਾਲੀ ਪੇਸ਼ਕਾਰੀ ਕਾਰਨ ਜੱਜਾਂ ਨੂੰ ਨਤੀਜਾ ਦੇਣ ਲਈ ਕਾਫ਼ੀ ਸਮਾਂ ਲੱਗਿਆ।
ਮੁਕਾਬਲਿਆਂ ਉਪਰੰਤ ਮਨਜੀਤ ਸਿੰਘ ਬੀ ਐੱਮ, ਗੁਰਪ੍ਰੀਤ ਸਿੰਘ ਪੀਟਰ ਬੀ ਐੱਮ ਨੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਵੱਲੋਂ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀ ਪੇਸ਼ਕਾਰੀ ਵਾਸਤੇ ਮੁਬਾਰਕਾਂ ਦਿੱਤੀਆਂ ।
ਜ਼ਿਕਰਯੋਗ ਹੈ ਕਿ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਵਿਦਿਆਰਥੀ ਜੀਵਨ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਰਹੇ ਅਤੇ ਫਿਰ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਡਰਾਮਾ ਆਰਟਿਸਟ ਵਜੋਂ ਵੀ ਚੁਣੇ ਗਏ । ਅਧਿਆਪਨ ਕਿੱਤੇ ਵਿਚ ਸਮਰਪਣ ਦੀ ਭਾਵਨਾ, ਵਾਤਾਵਰਣ ਸ਼ੁੱਧਤਾ ਦੇ ਮਿਸ਼ਨ ਨੂੰ ਦਿ੍ਰੜਤਾ ਨਾਲ ਚਲਾਉਣ ਅਤੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਕਰਨ ਦੇ ਨਾਲ ਨਾਲ ਖੂਨਦਾਨ ਵਰਗੇ ਪਰਉਪਕਾਰੀ ਕਾਰਜਾਂ ਵਿਚ ਅਗਰਸਰ ਰਹਿਣ ਕਰਕੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਵਕਾਰੀ ਪੁਰਸਕਾਰ ‘ਸਟੇਟ ਐਵਾਰਡ’ ਨਾਲ ਸਨਮਾਨਿਆਂ ਗਿਆ ਹੈ ਅਤੇ ਅੱਜ ਫੇਰ ਇਕ ਵਾਰ ਉਹਨਾਂ ਆਪਣੀ ਕਾਬਲੀਅਤ ਨੂੰ ਸਿੱਧ ਕੀਤਾ ਹੈ।