• Wed. Dec 4th, 2024

ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ/ਪਿੰਡਾਂ ਸ਼ਹਿਰਾਂ ਵਿੱਚ ਠੀਕਰੀ ਪਹਿਰੇ ਲਗਾਉਣ ਦੇ ਆਦੇਸ਼

ByJagraj Gill

Nov 30, 2020

 

ਮੋਗਾ, 30 ਨਵੰਬਰ

 /ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/

ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜਿ਼ਲ੍ਹਾ ਮੋਗਾ ਵਿੱਚ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ.2) ਦੀ ਧਾਰਾ 144 ਅਧੀਨ ਲੋਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਕੁਝ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਜਿਹੜੇ ਕਿ 1 ਦਸੰਬਰ, 2020 ਤੋਂ 31 ਜਨਵਰੀ, 2021 ਤੱਕ ਲਾਗੂ ਰਹਿਣਗੇ।

ਸ਼ਹਿਰ ਦੇ ਮੇਨ ਬਜ਼ਾਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ ਤੇ ਪਾਬੰਦੀ

ਇਨ੍ਹਾਂ ਪਾਬੰਦੀਆਂ ਬਾਰੇ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੋਗਾ ਸ਼ਹਿਰ ਦੇ ਮੇਨ ਬਜ਼ਾਰ (ਲਾਈਟਾਂ ਵਾਲਾ ਚੌਂਕ ਤੋਂ ਦੇਵ ਹੋਟਲ, ਚੌਂਕ ਤੱਕ) ਭਾਰੀ ਵਾਹਨਾਂ ਦੀ ਐਂਟਰੀ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਚਾਲੂ ਰੱਖਣ ਨਾਲ ਜਿੱਥੇ ਆਮ ਪਬਲਿਕ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਵਾਹਨ ਇੱਕ ਦੂਸਰੇ ਤੋਂ ਅੱਗੇ ਕੱਢਣ ਦੀ ਮਨਸ਼ਾ ਕਰਕੇ ਤਕਰਾਰਬਾਜ਼ੀ ਦੀ ਸਥਿਤੀ ਵੀ ਬਣਨ ਦਾ ਖਦਸ਼ਾ ਰਹਿੰਦਾ ਹੈ। ਇਸ ਲਈ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ ਕਰਨ ਤੇ ਪਾਬੰਦੀ ਲਗਾਈ ਗਈ ਹੈ। ਇਹ ਵਾਹਨ ਇਸ ਸਮੇਂ ਜੀ.ਟੀ. ਰੋਡ ਰਾਹੀ ਵਾਇਆ ਗਾਂਧੀ ਰੋਡ ਤੋਂ ਰੇਲਵੇ ਰੋਡ/ਪ੍ਰਤਾਪ ਰੋਡ, ਚੈਂਬਰ ਰੋਡ, ਸਟੇਡੀਅਮ ਰੋਡ ਦੇ ਸਾਹਮਣੇ ਗਲੀ ਨੰ. 9 ਰਾਹੀਂ ਦੇਵ ਹੋਟਲ ਚੌਂਕ ਜਾਇਆ ਕਰਨਗੇ।

ਮੋਗਾ ਸ਼ਹਿਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੱਚੀਆਂ ਖੂਹੀਆਂ ਪੁੱਟਣ ਤੇ ਪਾਬੰਦੀ

ਮੋਗਾ ਸ਼ਹਿਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੱਚੀਆਂ ਖੂਹੀਆਂ ਪੁੱਟਣ ਕਰਕੇ ਕਈ ਲੋਕ ਦੁਰਘਟਨਾਵਾਂ ਦਾ ਸਿ਼ਕਾਰ ਹੋ ਜਾਂਦੇ ਹਨ ਅਤੇ ਇਸ ਕਾਰਣ ਕਈ ਮੌਤਾਂ ਵੀ ਹੋਈਆਂ ਹਨ। ਅਜਿਹੀਆਂ ਦੁਰਘਟਨਾਵਾਂ ਦੀ ਰੋਕਥਾਮ ਕਰਨ ਲਈ ਮੋਗਾ ਦੇ ਪੇਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਰਜਕਾਰੀ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਮੋਗਾ ਦੀ ਲਿਖਤੀ ਪ੍ਰਵਾਨਗੀ ਅਤੇ ਦੇਖ ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਪੁੱਟਣ/ਪੁਟਾਉਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਪਿੰਡਾਂ ਅਤੇ ਸ਼ਹਿਰਾਂ ਵਿੱਚ ਠੀਕਰੀ ਪਹਿਰੇ ਲਗਾਉਣ ਦੇ ਆਦੇਸ਼

ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਮੋਗਾ ਜਿ਼ਲ੍ਹੇ ਦੇ ਪਿੰਡਾਂ ਵਿੱਚ ਚੋਰੀਆਂ ਅਤੇ ਹੋਰ ਭੰਨਤੋੜ ਦੀਆਂ ਕਾਰਵਾਈਆਂ ਕਰਨ ਦਾ ਅੰਦੇਸ਼ਾ ਹੈ। ਜਿੰਨ੍ਹਾਂ ਨਾਲ ਲੋਕਾਂ ਦੇ ਜਾਨ ਮਾਲ ਨੂੰ ਨੁਕਸਾਨ ਪਹੁੰਚਣ ਤੇ ਠੇਸ ਲੱਗਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਸ਼ਰਾਰਤੀ ਅਨਸਰਾਂ ਵੱਲੋ ਪਾਵਰ ਗਰਿੱਡ, ਸਟੋਰ, ਸਬ-ਸਟੇਸ਼ਨ, ਹਾਈ ਪਾਵਰ ਟਰਾਂਸਮਿਸ਼ਨ ਲਾਈਨਾਂ ਅਤੇ ਬਿਜਲੀ ਬੋਰਡ ਦੀ ਜਾਂ ਹੋਰ ਸਰਕਾਰੀ ਪ੍ਰਾਪਰਟੀ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਉਣ ਦਾ ਖਦਸ਼ਾ ਹੈ। ਇਸ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਠੀਕਰੀ ਪਹਿਰਾ ਲਗਾਉਣ ਦਾ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਠੀਕਰੀ ਪਹਿਰਾ ਲਗਵਾਉਣ ਲਈ ਪਿੰਡਾਂ ਵਿੱਚ ਪਿੰਡ ਦਾ ਸਰਪੰਚ ਅਤੇ ਸ਼ਹਿਰੀ ਇਲਾਕੇ ਵਿੱਚ ਆਪਣੇ ਆਪਣੇ ਵਾਰਡ ਦੇ ਮਿਊਂਸਪਲ ਕੌਂਸਲਰ ਨੂੰ ਜਿੰਮੇਵਾਰੀ ਦੇਣ ਲਈ ਕਿਹਾ ਗਿਆ ਹੈ।

  • ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ੋਰ ਪੈਦਾ ਕਰਨ ਵਾਲੇ ਪਟਾਖੇ ਚਲਾਉਣ ਤੇ ਪਾਬੰਦੀ

ਸ੍ਰੀ ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਇੱਕ ਪਟੀਸ਼ਨ ਵਿੱਚ ਪਾਸ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਰਾਤ ਦੇ 10 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ੋਰ ਪੈਦਾ ਕਰਨ ਵਾਲੇ ਪਟਾਖਿਆਂ ਨੂੰ ਚਲਾਉਣ ਤੇ ਪੂਰਨ ਤੋਰ ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਤੇ ਲਾਗੂ ਨਹੀ ਹੋਵੇਗੀ।

ਜਿ਼ਲ੍ਹੇ ਵਿੱਚ ਕਿਸੇ ਵੀ ਥਾਂ ਤੇ ਚਲਾਏ ਜਾ ਰਹੇ ਲਾਊਡ ਸਪੀਕਰ, ਪਬਲਿਕ ਐਡਰੈਸ ਸਿਸਟਮ ਆਦਿ ਦੀ ਆਵਾਜ਼ ਸੀਮਾ 10 ਡੀ.ਬੀ.(ਏ) ਅਤੇ 75 (ਏ) ( ਸਬੰਧਤ ਜਗ੍ਹਾ ਦੇ ਆਵਾਜ਼ੀ ਸਟੈਂਡਰ ਅਨੁਸਾਰ) ਤੋਂ ਵੱਧ ਨਹੀਂ ਹੋਵੇਗੀ। ਰਾਤ ਦੇ 10 ਵਜੇ ਤੋਂ ਸਵੇਰੇ 6 ਵਜੇ ਤੱਕ ਢੋਲ, ਡਰੱਮ ਅਤੇ ਹੋਰ ਕਿਸੇ ਤਰ੍ਹਾਂ ਦੀ ਆਵਾਜ਼ ਪੈਦਾ ਕਰਨ ਵਾਲੇ ਯੰਤਰਾਂ ਨੂੰ ਵਜਾਉਣ ਤੇ (ਜਨ ਹਿੱਤ ਐਮਰਜੈਂਸੀ ਦੇ ਹਾਲਾਤ ਨੂੰ ਛੱਡ ਕੇ) ਪਾਬੰਦੀ ਹੋਵੇਗੀ। ਰਾਤ ਦੇ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਇਲਾਕਿਆਂ ਵਿੱਚ ਕਿਸੇ ਤਰ੍ਹਾਂ ਦੇ ਹਾਰਨ ਨੂੰ ਵਜਾਉਣ ਤੇ ਪੂਰਨ ਪਾਬੰਦੀ ਹੋਵੇਗੀ। ਪਰੈਸ਼ਰ ਹਾਰਨ/ਹੂਟਰ ਅਤੇ ਹੋਰ ਅਜਿਹੇ ਜਿ਼ਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ (ਨਿਰਧਾਰਿਤ ਸੀਮਾਂ ਤੋਂ ਵੱਧ) ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ।

ਜਿ਼ਲ੍ਹਾ ਮੈਜਿਸਟ੍ਰੇਟ ਨੇ ਅਖੀਰ ਵਿੱਚ ਕਿਹਾ ਕਿ ਉਕਤ ਹੁਕਮਾਂ ਦੀ ਉਲੰਘਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *