ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਵੀ ਸਖਤ ਮਨਾਹੀ
ਮੋਗਾ, 26 ਸਤੰਬਰ (ਜਗਰਾਜ ਸਿੰਘ ਗਿੱਲ)
ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕਿਸਾਨ ਝੋਨੇ ਦੀ ਕਟਾਈ ਤੋ ਬਾਅਦ ਜੋ ਝੋਨੇ ਦੇ ਮੁੱਢ (ਰਹਿੰਦ-ਖੂੰਹਦ) ਰਹਿ ਜਾਂਦੇ ਹਨ, ਉਨ੍ਹਾਂ ਨੂੰ ਟਰੈਕਟਰ ਨਾਲ ਚੱਲਣ ਵਾਲੇ ਰੀਪਰ ਦੇ ਨਾਲ ਵੱਢਦੇ ਹਨ। ਇਸ ਤੋ ਬਾਅਦ ਉਹ ਸਾਰੇ ਨਾੜ ਨੂੰ ਅੱਗ ਲਗਾ ਦਿੰਦੇ ਹਨ, ਜਿਸ ਨਾਲ ਬਹੁਤ ਵੱਡਾ ਪ੍ਰਦੂਸ਼ਣ ਹੋ ਜਾਂਦਾ ਹੈ ਕਿਉਕਿ ਨਾੜ ਗਿੱਲਾ ਅਤੇ ਸਲਾਬਾ ਹੁੰਦਾ ਹੈ। ਇਸ ਧੂੰਏ ਕਰਕੇ ਬਹੁਤ ਸਾਰੇ ਐਕਸੀਡੈਟ ਹੁੰਦੇ ਹਨ ਅਤੇ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਧੂੰਏ ਨਾਲ ਜਹਿਰੀਲੀਆਂ ਗੈਸਾਂ ਵੀ ਪੈਦਾ ਹੁੰਦੀਆਂ ਹਨ, ਜੋ ਕਿ ਕੋਵਿਡ 19 ਦੇ ਨਾਲ ਨਾਲ ਹੋਰ ਬਿਮਾਰੀਆਂ ਵਿੱਚ ਵੀ ਵਾਧਾ ਕਰਦੀਆਂ ਹਨ। ਛੋਟੇ ਬੱਚਿਆਂ ਦੇ ਤਾਂ ਦਿਮਾਗੀ ਵਿਕਾਸ ਉੱਪਰ ਬਹੁਤ ਬੁਰਾ ਅਸਰ ਪੈਦਾ ਹੈ।ਡਾਕਟਰਾਂ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਰੋਨਾ ਪਾਜ਼ੀਟਿਵ ਵਿਅਕਤੀਆਂ ਨੂੰ ਸਾਹ ਲੈਣ ਵਿੱਚ ਹੋਰ ਵੀ ਸਮੱਸਿਆ ਆਉਦੀ ਹੈ ਜਿਸਦਾ ਸਿੱਧਾ ਅਸਰ ਫੇਫੜਿਆਂ ਤੇ ਹੁੰਦਾ ਹੈ, ਜੇਕਰ ਮੌਜੂਦਾ ਹਾਲਾਤਾਂ ਦੇ ਚਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਫਿਰ ਉਸ ਧੂੰਏ ਨਾਲ ਕਰੋਨਾ ਪਾਜ਼ੀਟਿਵ ਵਿਅਕਤੀਆਂ, ਬਿਰਧ ਵਿਅਕਤੀਆਂ, ਦਮਾ, ਸ਼ੂਗਰ, ਦਿਲ ਦੇ ਮਰੀਜ਼, ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜਤ ਅਤੇ ਛੋਟੇ ਬੱਚਿਆਂ ਤੇ ਇਸਦਾ ਹੋਰ ਮਾੜਾ ਅਸਰ ਪਵੇਗਾ ਅਤੇ ਇਹ ਪਰਾਲੀ ਦਾ ਧੂੰਆਂ ਘਾਤਕ ਸਿੱਧ ਹੁੰਦੇ ਹੋਏ ਵੱਡਮੁੱਲੀਆਂ ਜਾਨਾਂ ਵੀ ਲੈ ਸਕਦਾ ਹੈ।
ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਧਾਰਾ 144 ਅਤੇ ਡਿਸਾਸਟਰ ਮੈਨੇਜਮੈਟ ਐਕਟ 2005 ਦੀ ਧਾਰਾ 30 ਅਤੇ 34 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਝੋਨੇ ਦੇ ਨਾੜ (ਪਰਾਲੀ) ਨੂੰ ਅੱਗ ਲਗਾਉਣ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਵੀ ਜਲਦੀ ਫਤਹਿ ਕਰਨ ਲਈ ਇਹ ਹੁਕਮ ਜਾਰੀ ਕਰਨੇ ਲਾਜ਼ਮੀ ਹਨ। ਉਪਰੋਕਤ ਧਾਰਾਵਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਧਾਰਾ 188 ਆਈ.ਪੀ.ਸੀ. ਅਤੇ ਧਾਰਾ 51 ਬੀ ਤਹਿਤ ਕੇਸ ਰਜਿਸਟਰਡ ਕੀਤਾ ਜਾਵੇਗਾ ਜਿਸ ਵਿੱਚ ਕੈਦ ਦੀ ਸਜ਼ਾ ਅਤੇ ਜੁਰਮਾਨਾ ਦੋਨਾਂ ਦਾ ਉਪਬੰਧ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਅੱਗ ਲਗਾਉਣ ਨਾਲ ਧਰਤੀ ਹੇਠਲਾ ਤਾਪਮਾਨ ਵਧ ਜਾਂਦਾ ਹੈ, ਜਿਸ ਨਾਲ ਜੈਵਿਕ ਮਾਦਾ ਸੜ ਜਾਂਦਾ ਹੈ। ਜ਼ਮੀਨ ਸਖ਼ਤ ਅਤੇ ਸੁੱਕੀ ਹੋ ਜਾਂਦੀ ਹੈ ਅਤੇ ਇਸ ਦੀ ਪਾਣੀ ਨੂੰ ਸੋਖਣ ਦੀ ਸਮੱਰਥਾ ਵੀ ਘਟ ਜਾਂਦੀ ਹੈ। ਤਾਪਮਾਨ ਵਧਣ ਕਰਕੇ ਨਾਈਟ੍ਰੋਜਨ ਫਾਰਫੋਰਸ ਸਲਫਰ ਅਤੇ ਪੋਟਾਸ਼ ਵਰਗੇ ਜ਼ਰੂਰੀ ਤੱਤ ਖਤਮ ਹੋ ਜਾਂਦੇ ਹਨ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊਜ਼ ਸ਼ਕਤੀ ਘਟ ਜਾਂਦੀ ਹੈ। ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋ ਵੀ ਲਿਖਤੀ ਤੌਰ ਤੇ ਮੈਮੋਰੈਡਮ ਦੇ ਕੇ ਮੰਗ ਕੀਤੀ ਗਈ ਹੈ ਕਿ ਰੀਪਰ ਦੇ ਉੱਤੇ ਪਾਬੰਦੀ ਲਗਾਈ ਜਾਵੇ ਕਿਉਕਿ ਐਨੇ ਵੱਡੇ ਧੂੰਦੇ ਅਤੇ ਪ੍ਰਦੂਸ਼ਣ ਦਾ ਕਾਰਣ ਰੀਪਰ ਹੀ ਹੈ ਅਤੇ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਰੀਪਰ ਚਲਾਉਣ ਦੀ ਆਗਿਆ ਦਿੱਤੀ ਜਾਵੇ ਜਿੰਨ੍ਹਾਂ ਨੇ ਬੇਲਰ ਨਾਲ ਗੰਢਾ ਬਣਾਉਣੀਆਂ ਹਨ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਲੋਕ ਹਿੱਤ ਵਿੱਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਪੈਡੀ ਸਟਰਾਅ ਰੀਪਰ ਮਸ਼ੀਨ ਚਲਾਉਣ ਤੇ ਮਿਤੀ 31 ਦਸੰਬਰ 2020 ਤੱਕ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ।ਜਿਹੜੇ ਕਿਸਾਨਾਂ ਨੇ ਬੇਲਰ ਨਾਲ ਗੰਢਾਂ ਬਣਾਉਣੀਆਂ ਹਨ ਉਹ ਸਬੰਧਤ ਖੇਤੀਬਾੜੀ ਵਿਕਾਸ ਅਫ਼ਸਰ ਬਲਾਕ, ਖੇਤੀਬਾੜੀ ਅਫ਼ਸਰ ਤੋ ਪਹਿਲਾਂ ਮਨਜੂਰੀ ਲੈ ਕੇ ਹੀ ਰੀਪਰ ਚਲਾ ਸਕਦੇ ਹਨ।