ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਦੋ ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ
ਡਿਪਟੀ ਕਮਿਸ਼ਨਰ ਵੱਲੋਂ 4 ਸੇਵਾਵਾਂ ਦੀ ਸ਼ੁਰੂਆਤ
ਮੋਗਾ, 17 ਅਗਸਤ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸੇਵਾ ਕੇਂਦਰਾਂ ਵਿਖੇ 3 ਹੋਰ ਸਹੂਲਤਾਂ ਦਾ ਇਜ਼ਾਫਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਅਤੇ ਕਪੂਰਥਲਾ ਵਿੱਚ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਹੁਣ ਲੋਕਾਂ ਦੇ ਦਰਾਂ ਉੱਤੇ ਹੀ ਮਿਲਿਆ ਕਰਨਗੀਆਂ। ਉਕਤ ਦੋਵੇਂ ਜ਼ਿਲ੍ਹਿਆਂ ਵਿੱਚ ਇਹ ਪ੍ਰੋਜੈਕਟ ਦੇ ਸਫ਼ਲ ਹੋਣ ਉੱਤੇ ਇਸ ਨੂੰ ਬਾਕੀ ਜ਼ਿਲ੍ਹਿਆਂ ਵਿੱਚ ਵੀ ਲਾਗੂ ਕਰ ਦਿੱਤਾ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਚਾਲੂ ਕੀਤੀਆਂ ਚਾਰ ਸਕੀਮਾਂ ‘ਚ ਐਨ.ਆਰ.ਆਈ. ਸੈੱਲ ਪੰਜਾਬ ਤੋਂ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦੀ ਸੇਵਾ, ਸੂਚਨਾ ਦੇ ਅਧਿਕਾਰ ਐਕਟ (ਆਰ. ਟੀ.ਆਈ.ਐਕਟ ) ਸਬੰਧੀ ਅਲੱਗ ਆਨਲਾਈਨ ਪੋਰਟਲ, ਜਨਮ ਅਤੇ ਮੌਤ ਦਾ ਸਰਟੀਫਿਕੇਟ ਪ੍ਰਾਈਵੇਟ ਹਸਪਤਾਲਾਂ ਤੋ ਲੈਣ ਸਬੰਧੀ ਸ਼ਾਮਿਲ ਹੈ। ਇਸ ਤੋਂ ਇਲਾਵਾ ਚੌਥੀ ਸੇਵਾ ਕੇਂਦਰਾਂ ਰਾਹੀਂ ਘਰ ਜਾ ਕੇ ਸਰਵਿਸ ਮੁਹੱਈਆ ਕਰਵਾਉਣ ਸਬੰਧੀ ਹੈ, ਜੌ ਇਕ ਫਿਲਹਾਲ ਜ਼ਿਲ੍ਹਾ ਮੋਗਾ ਅਤੇ ਕਪੂਰਥਲਾ ਵਿੱਚ ਹੀ ਸ਼ੁਰੂ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਉਕਤ ਦੋਹਾਂ ਜ਼ਿਲ੍ਹਿਆਂ ਵਿੱਚ ਡੋਰ ਸਟੈਪ ਡਿਲੀਵਰੀ ਲੈਣ ਲਈ ਅਰਜ਼ੀਕਰਤਾ ਨੂੰ ਪੰਜ ਕਿਲੋਮੀਟਰ ਦੇ ਦਾਇਰੇ ਵਿਚ 50 ਰੁਪਏ, ਪੰਜ ਤੋਂ 10 ਕਿਲੋਮੀਟਰ ਦੇ ਦਾਇਰੇ ਵਿਚ 100 ਰੁਪਏ ਅਤੇ ਦਸ ਕਿਲੋਮੀਟਰ ਤੋਂ ਵੱਧ ਦਾਇਰੇ ਵਿਚ 200 ਰੁਪਏ ਦੇਣੇ ਪੈਣਗੇ। ਉਹਨਾਂ ਸਪੱਸ਼ਟ ਕੀਤਾ ਕਿ ਇਹ ਸੇਵਾ ਲੈਣ ਲਈ ਕਿਸੇ ਵੀ ਨਾਗਰਿਕ ਨੂੰ ਮਜ਼ਬੂਰ ਨਹੀਂ ਕੀਤਾ ਜਾਵੇਗਾ।
ਸ਼੍ਰੀ ਹੰਸ ਨੇ ਦੱਸਿਆ ਕਿ ਹੁਣ ਐਨ.ਆਰ.ਆਈ. ਨੂੰ ਆਪਣੇ ਦਸਤਾਵੇਜ ਤਸਦੀਕ ਕਰਵਾਉਣ ਲਈ ਚੰਡੀਗੜ੍ਹ ਦੇ ਚੱਕਰ ਲਾਉਣ ਦੀ ਲੋੜ ਨਹੀਂ। ਜ਼ਿਲ੍ਹਾ ਵਾਸੀ ਕਿਸੇ ਵੀ ਸੇਵਾ ਕੇਂਦਰ ‘ਤੇ ਪਹੁੰਚ ਕੇ ਇਹ ਸਹੂਲਤ ਲੈ ਸਕਦੇ ਹਨ।
ਜਨਮ ਅਤੇ ਮੌਤ ਦਸਤਾਵੇਜਾਂ ਦੀ ਪ੍ਰਦਾਨਗੀ ਨੂੰ ਸਰਲ ਕਰਦਿਆਂ ਇਹ ਦਸਤਾਵੇਜ ਹੁਣ ਰਜਿਸਟਰਾਰ ਦਫ਼ਤਰ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਪਾਸੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਸਾਂਝੇ ਯਤਨਾਂ ਤਹਿਤ ਹੁਣ ਪ੍ਰਾਈਵੇਟ ਹਸਪਤਾਲਾਂ ਵੱਲੋਂ ਜਨਮ ਤੇ ਮੌਤ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਰਜਿਸਟਰਾਰ ਦਫ਼ਤਰ ਨੂੰ ਆਨਲਾਈਨ ਪੋਰਟਲ ਦੁਆਰਾ ਭੇਜੀ ਜਾਇਗੀ, ਜਿਸ ਨਾਲ ਕੰਮ-ਕਾਜ ਵਿੱਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਆਏਗੀ|
ਇਸ ਆਨਲਾਇਨ ਪ੍ਰਕਿਰਿਆ ਦੇ ਲਾਗੂ ਹੋਣ ਤੋਂ ਪਹਿਲਾਂ ਜਨਮ ਅਤੇ ਮੌਤ ਸਬੰਧੀ ਜਾਣਕਾਰੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਬੰਧਿਤ ਰਜਿਸਟਰਾਰ ਦਫਤਰ ਨੂੰ ਮੈਨੂਅਲ ਫਾਰਮ ਭਰਕੇ ਭੇਜੀ ਜਾਂਦੀ ਸੀ। ਜਿਸ ਉਪਰੰਤ ਇਸ ਜਾਣਕਾਰੀ ਨੂੰ ਸਬੰਧਿਤ ਰਿਜਸਟਰਾਰ ਦਫਤਰ ਵੱਲੋਂ ਆਨਲਾਈਨ ਦਰਜ ਕੀਤਾ ਜਾਂਦਾ ਸੀ। ਜਿਸ ਕਾਰਨ ਆਮ ਲੋਕਾਂ ਨੂੰ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਹੋਣ ਵਿੱਚ ਦੇਰ ਹੋ ਜਾਂਦੀ ਸੀ।
ਰਾਜ ਦੇ ਲਗਭਗ 390 ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਆਨਲਾਈਨ ਵਿਧੀ ਨੂੰ ਲਾਗੂ ਕਰ ਦਿੱਤਾ ਗਿਆ ਹੈ। ਹੁਣ ਤੱਕ ਪ੍ਰਾਈਵੇਟ ਹਸਪਤਾਲਾਂ ਵੱਲੋਂ ਲਗਭਗ 10000 ਜਨਮ ਸਰਟੀਫਿਕੇਟ ਸਬੰਧੀ ਐਪਲੀਕੇਸ਼ਨਾਂ ਆਨਲਾਈਨ ਪੋਰਟਲ ਰਾਹੀਂ ਰਜਿਸਟਰਾਰ ਦਫਤਰ ਪਾਸ ਭੇਜੀਆਂ ਗਈਆਂ ਹਨ। ਜਿਨ੍ਹਾਂ ਵਿੱਚੋਂ ਲਗਭਗ 9600 ਜਨਮ ਐਪਲੀਕੇਸ਼ਨਾਂ ਪ੍ਰਵਾਨ ਹੋ ਗਈਆਂ ਹਨ ਅਤੇ ਲਗਭਗ 4000 ਸਰਟੀਫਿਕੇਟ ਨਾਗਰੀਕਾਂ ਵੱਲੋਂ ਬਿਨਾਂ ਕਿਸੇ ਖੱਜਲ ਖੁਆਰੀ ਦੇ ਪ੍ਰਾਪਤ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਆਨਲਾਈਨ ਪੋਰਟਲ ਰਾਹੀਂ 3000 ਮੌਤ ਸਰਟੀਫਿਕੇਟ ਦੀਆ ਐਪਲੀਕੇਸ਼ਨਾਂ ਰਜਿਸਟਰਾਰ ਦਫਤਰਾਂ ਪਾਸ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 2300 ਦੇ ਕਰੀਬ ਸਰਟੀਫਿਕੇਟ ਨਾਗਰਿਕਾਂ ਨੂੰ ਮੁਹੱਈਆ ਕਰਵਾ ਦਿੱਤੇ ਗਏ ਹਨ।
ਸ਼੍ਰੀ ਹੰਸ ਨੇ ਦੱਸਿਆ ਕਿ ਅਜਿਹੀਆਂ ਸੁਵਿਧਾਵਾਂ ਦਾ ਇਜ਼ਾਫਾ ਹੋਣ ਨਾਲ ਸਰਕਾਰੀ ਕੰਮ ਕਾਜ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿਚ ਸੇਵਾ ਕੇਂਦਰਾਂ ਵਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਵੀ ਨਾਗਰਿਕਾਂ ਨੂੰ ਬੇਹਤਰ ਅਤੇ ਸੁਰੱਖਿਅਤ ਵਾਤਾਵਰਨ ਵਿਚ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਉਹਨਾਂ ਨੇ ਕੁਝ ਲਾਭਪਾਤਰੀਆਂ ਨੂੰ ਉਕਤ ਸੇਵਾਵਾਂ ਸਬੰਧੀ ਸਰਟੀਫ਼ਿਕੇਟ ਵੀ ਵੰਡੇ। ਇਸ ਮੌਕੇ ਜ਼ਿਲ੍ਹਾ ਤਕਨੀਕੀ ਕੁਆਰਡੀਨੇਟਰ ਸ੍ਰ ਗੁਰਜੰਟ ਸਿੰਘ, ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਰੌਸ਼ਨ ਲਾਲ ਹਾਜ਼ਰ ਸਨ |