ਪੰਜਾਬ ਸਰਕਾਰ ਵੱਲੋਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਜਯੰਤੀ ਮੌਕੇ ਅਨੁਸੂਚਿਤ ਜਾਤੀਆਂ ਵਿਦਿਆਰਥੀਆਂ ਲਈ ਯੋਜਨਾ ਦੀ ਸ਼ੁਰੂਆਤ
ਮੋਗਾ, 31 ਅਕਤੂਬਰ (ਜਗਰਾਜ ਗਿੱਲ ਮਨਪ੍ਰੀਤ ਮੋਗਾ) -ਪੰਜਾਬ ਸਰਕਾਰ ਵੱਲੋਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਜਯੰਤੀ ਮੌਕੇ ਅਨੁਸੂਚਿਤ ਜਾਤੀਆਂ ਵਿਦਿਆਰਥੀਆਂ ਲਈ ਡਾਕਟਰ ਬੀ.ਆਰ. ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਜ਼ਿਲ੍ਹਾ ਮੋਗਾ ਦੇ 5000 ਤੋਂ ਵਧੇਰੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਇਸ ਯੋਜਨਾ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਚੰਡੀਗੜ੍ਹ ਤੋਂ ਕੀਤੀ। ਇਸ ਮੌਕੇ ਮੁੱਖ ਸਮਾਗਮ ਰਾਮ ਤੀਰਥ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਗਿਆ ਜਦਕਿ ਵੱਖ ਵੱਖ ਮੰਤਰੀਆਂ ਨੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕੀਤੀ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਲਈ 550 ਕਰੋੜ ਰੁਪਏ ਰੱਖੇ ਗਏ ਹਨ। ਇਹ ਯੋਜਨਾ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਿੱਚ ਲਾਗੂ ਹੋਵੇਗੀ। ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਯੋਜਨਾ ਦਾ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਾਭ ਦਿਵਾਇਆ ਜਾ ਸਕੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਸਕੀਮ ਸੈਸ਼ਨ 2020-21 ਤੋਂ ਲਾਗੂ ਹੋ ਜਾਵੇਗੀ ਅਤੇ ਇਸ ਵਿੱਚ ਪੰਜਾਬ ਦੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਤੋਂ ਇਲਾਵਾ ਚੰਡੀਗੜ੍ਹ ਦੇ ਅਨੁਸੂਚਿਤ ਜਾਤੀ ਵਿਦਿਆਰਥੀ ਵੀ ਕਵਰ ਹੋਣਗੇ। ਸਕੀਮ ਨੂੰ ਲਾਗੂ ਕਰਨ ਲਈ ਪ੍ਰੀਵਾਰ ਦੀ ਕੁੱਲ ਸਾਲਾਨਾ ਆਮਦਨ 2.500 ਲੱਖ ਰੁਪਏ ਤੋਂ ਵਧਾ ਕੇ 4.00 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਸਕੀਮ ਤਹਿਤ ਕੇਂਦਰ ਦੇ ਪੰਜਾਬ/ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਉੱਚ ਸਿੱਖਿਆ ਦੇ ਅਦਾਰੇ ਕਵਰ ਹੋਣਗੇ। ਪ੍ਰਾਈਵੇਟ ਅਦਾਰਿਆਂ ਵਿੱਚ 60% ਗਰਾਂਟ ਡਾਇਰੈਕਟ ਬੈਨੀਫਿਟ (ਡੀ.ਬੀ.ਟੀ.) ਰਾਹੀਂ ਅਤੇ 40% ਖਰਚਾ ਉਸ ਪ੍ਰਾਈਵੇਟ ਅਦਾਰੇ ਵੱਲੋਂ ਕੀਤਾ ਜਾਵੇਗਾ। ਇਹ ਸਕੀਮ ਭਾਂਵੇਂ ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 2018 ਦੀ ਲਗਾਤਾਰਤਾ ਵਿੱਚ ਹੈ ਪਰ ਇਸ ਨੂੰ ਜਿਉਂ ਦਾ ਤਿਉਂ ਹੀ ਪੰਜਾਬ ਸਰਕਾਰ ਵੱਲੋਂ ਅਡਾਪਟ ਕਰ ਲਿਆ ਗਿਆ ਹੈ, ਅਤੇ ਖਰਚਾ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਇਹ ਉੱਦਮ ਉੱਚ-ਸਿੱਖਿਆ ਦੇ ਮਿਆਰ ਵਿੱਚ ਵਾਧਾ ਕਰਨ ਲਈ ਬਹੁਤ ਸਹਾਈ ਹੋਵੇਗਾ।ਇਸ ਮੌਕੇ ਜ਼ਿਲ੍ਹਾ ਮੋਗਾ ਦੇ 5 ਯੋਗ ਵਿਦਿਆਰਥੀਆਂ ਨੂੰ ਲਾਭਪਾਤਰੀ ਵਜੋਂ ਸਰਟੀਫਿਕੇਟ ਵੰਡੇ ਗਏ। ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ ਚੜਿੱਕ, ਜ਼ਿਲ੍ਹਾ ਭਲਾਈ ਅਫ਼ਸਰ ਸ੍ਰ ਹਰਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।