ਮੋਗਾ 22 ਮਾਰਚ ( ਜਗਰਾਜ ਲੋਹਾਰਾ,ਮਿੰਟੂ ਖੁਰਮੀ)
ਕੋਵਿਡ-19 (ਕਰੋਨਾ ਵਾਈਰਸ) ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਲੜੀ ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋ ਐਪੇਡੈਮਿਕ ਡਿਜੀਜ ਐਕਟ 1897 ਅਤੇ ਫੌਜਦਾਰੀ ਜਾਬਤਾ ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਜਰੂਰੀ ਵਸਤਾਂ ਦੀ ਸਪਲਾਈ ਨੂੰ ਸਵੇਰੇ 8 ਵਜੇ ਤੋ 11 ਵਜੇ ਤੱਕ ਛੋਟ ਦਿੰਦੇ ਹੋਏ ਬਾਕੀ ਦੇ ਬਾਜ਼ਾਰ, ਦੁਕਾਨਾਂ ਅਤੇ ਕਾਰੋਬਾਰ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਜਰੂਰੀ ਵਸਤੂਆਂ ਜਿਹੜੀਆਂ ਕਿ ਛੋਟ ਵਿੱਚ ਆਉਦੀਆਂ ਹਨ ਵਿੱਚ ਤਾਜਾ ਫਲ ਅਤੇ ਸਬਜੀਆਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ, ਪੈਟਰੋਲ, ਡੀਜ਼ਲ, ਘਰੇਲੂ ਅਤੇ ਕਮਰਸ਼ੀਅਲ ਐਲ.ਪੀ.ਜੀ. ਸਲੰਡਰਾਂ ਦੀ ਸਪਲਾਈ, ਦਵਾਈਆਂ ਦੀਆਂ ਦੁਕਾਨਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਈਰਸ ਦੇ ਪ੍ਰਭਾਵ ਨੂੰ ਆਮ ਲੋਕਾਂ ਵਿੱਚ ਫੈਲਣ ਤੋ ਰੋਕਣ ਲਈ ਇਹ ਹੁਕਮ ਲੋਕ ਹਿੱਤ ਲਈ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਸਿਹਤ ਸੇਵਾਵਾਂ 24 ਘੰਟੇ ਉਪਲੱਬਧ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਈਰਸ ਸਬੰਧੀ ਸਹਾਇਤਾ ਲਈ ਟੋਲ ਫਰੀ ਨੰਬਰ 104 ਅਤੇ ਮੁਫ਼ਤ ਐਬੂਲੈਸ ਸਰਵਿਸ ਲਈ ਟੋਲ ਫਰੀ ਨੰਬਰ 108 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਦਿਆਂ ਕਿਹਾ ਕਿ ਅਖ਼ਬਾਰਾਂ ਦੀ ਵੰਡ ਪਹਿਲਾਂ ਵਾਂਗ ਹੀ ਚੱਲੇਗੀ, ਉਸ ਤੇ ਕਿਸੇ ਵੀ ਤਰ੍ਹਾਂ ਦੀ ਮਨਾਹੀ ਨਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਡੇਅਰੀ ਯੁਨਿਟ ਅਤੇ ਦੋਧੀਆਂ ਰਾਹੀ ਦੁੱਧ ਦੀ ਸਪਲਾਈ ਪਹਿਲਾਂ ਵਾਂਗ ਸਵੇਰੇ 6 ਵਜੇ ਤੋ 8 ਵਜੇ ਤੱਕ ਮੁਕੰਮਲ ਕੀਤੀ ਜਾਵੇਗੀ। ਇਹ ਹੁਕਮ 31 ਮਾਰਚ ਤੱਕ ਲਾਗੂ ਰਹਿਣਗੇ।