ਨਿਹਾਲ ਸਿੰਘ ਵਾਲਾ 18 ਅਕਤੂਬਰ ( ਮਿੰਟੂ ਖੁਰਮੀ) ਭਾਰਤ ਚੋਣ ਕਮਿਸਂਨ ਵੱਲੋ ਵੋਟਰਾਂ ਦੀ ਸਹਾਇਤਾ ਲਈ ਚੱਲ ਰਹੇ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਮਿਤੀ 18 ਨਵੰਬਰ 2019 ਤੱਕ ਵਧਾ ਦਿੱਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋ ਮਿਤੀ 1 ਸਤੰਬਰ ਤੋ 15 ਅਕਤੂਬਰ 2019 ਤੱਕ ਇਲੈਕਟੋਰ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) ਚਲਾਇਆ ਗਿਆ ਸੀ, ਜਿਸ ਅਧੀਨ ਵੋਟਰਾਂ ਵੱਲੋ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਬਰਾਂ ਦੀ ਵੋਟਰ ਡਿਟੇਲ ਨੂੰ ਐਨ.ਵੀ.ਐਸ.ਪੀ. ਪੋਰਟਲ, ਵੋਟਰ ਹੈਲਪਲਾਈਨ ਐਪ ਅਤੇ ਕਾਮਨ ਸਰਵਿਸ ਸੈਟਰ (ਸੀ.ਐਸ.ਸੀ.) ਰਾਹੀ ਵੈਰੀਫਾਈ ਕੀਤਾ ਗਿਆ, ਪ੍ਰੰਤੂ ਭਾਰਤ ਚੋਣ ਕਮਿਸ਼ਨ ਵੱਲੋ ਇਲੈਕਟੋਰ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਮਿਆਦ ਵਿੱਚ ਮਿਤੀ 18 ਨਵੰਬਰ 2019 ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋ ਜਾਰੀ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2020 ਦੇ ਆਧਾਰ ਤੇ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਜਾਰੀ ਹੋਏ ਮਿਤੀਵਾਰ ਸ਼ਡਿਊਲ ਅਨੁਸਾਰ ਮਿਤੀ 1 ਸਤੰਬਰ 2019 ਤੋ 30 ਸਤੰਬਰ 2019 ਤੱਕ ਬੀ.ਐਲ.ਓਜ. ਦੁਆਰਾ ਘਰ-ਘਰ ਜਾ ਕੇ ਸਰਵੇ ਕੀਤਾ ਗਿਆ ਅਤੇ ਸਰਵੇ ਦੌਰਾਨ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੀ ਵੈਰੀਫਿਕੇਸ਼ਨ ਕਰਨ ਤੋ ਇਲਾਵਾ ਮਰ ਚੁੱਕੇ, ਸ਼ਿਫਟ ਹੋ ਚੁੱਕੇ ਅਤੇ ਵੋਟਰ ਸੂਚੀ ਵਿੱਚ ਦਰਜ ਹੋਣ ਤੋ ਰਹਿ ਚੁੱਕੇ ਵੋਟਰਾਂ ਦੀ ਜਾਣਕਾਰੀ ਬੀ.ਐਲ.ਓਜ਼ ਰਜਿਸਟਰ ਵਿੱਚ ਇਕੱਤਰ ਕੀਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਵੱਲੋ ਚਲਾਏ ਗਏ ਇਲੈਕਟੋਰ ਵੈਰੀਫਿਕੇਸ਼ਨ ਪ੍ਰੋਗਰਾਮ ਅਧੀਨ ਜਿਹਨਾਂ ਵੋਟਰਾਂ ਵੱਲੋ ਹਾਲਾਂ ਤੱਕ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਬਰਾਂ ਦੀ ਵੋਟਰ ਵੈਰੀਫਿਕੇਸ਼ਨ ਨਹੀ ਕੀਤੀ ਗਈ ਤਾਂ ਉਹ ਮਿਤੀ 18 ਨਵੰਬਰ 2019 ਤੱਕ ਵੋਟਰ ਵੈਰੀਫਿਕੇਸ਼ਨ ਜਰੂਰ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਨ। ਉਨ੍ਹਾਂ ਜ਼ਿਲਾ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਲੈਟੋਰ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਮਿਆਦ ਵਿੱਚ ਹੋਏ ਵਾਧੇ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਆਪਣੇ ਪਾਰਟੀ ਵਰਕਰਾਂ ਰਾਹੀ ਪਿੰਡਾਂ/ਗਲੀ/ਮੁਹੱਲਿਆਂ ਵਿੱਚ ਵੱਧ ਤੋ ਵੱਧ ਪ੍ਰਚਾਰ ਕਰਵਾਇਆ ਜਾਵੇ।