ਧਰਮਕੋਟ 22 ਅਪ੍ਰੈਲ
(ਜਗਰਾਜ ਲੋਹਾਰਾ ,ਰਿਕੀ ਕੈਲਵੀ)
-ਸਥਾਨਕ ਸ਼ਹਿਰ ਦੇ ਮੁਹੱਲਾ ਭਾਈਕਾ ਖੂਹ ਦੇ ਤਕਰੀਬਨ19 ਦੇ ਕਰੀਬ ਮਜ਼ਦੂਰ ਜੋ ਕਿ ਗੁਜਰਾਤ ‘ਚ ਆਲੂ ਦੇ ਸਟੋਰ ‘ਚ ਕੰਮ ਕਰਨ ਗਏ ਸੀ ਬੀਤੇ ਦਿਨ ਉਹ ਵਾਪਸ ਧਰਮਕੋਟ ਆਏ ਸੀ ਧਰਮਕੋਟ ਦੀ ਹੱਦ ਤੇ ਹੀ ਡੀ.ਐੱਸ.ਪੀ. ਯਾਦਵਿੰਦਰ ਸਿੰਘ ਬਾਜਵਾ ਦੀ ਅਗਵਾਈ ‘ਚ ਇਨ੍ਹਾਂ ਮਜ਼ਦੂਰਾਂ ਨੂੰ ਬਾਸੀ ਪੈਲੇਸ ਧਰਮਕੋਟ ਵਿਖੇ ਲਿਆਂਦਾ ਗਿਆ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਇਨ੍ਹਾਂ ਸਮੂਹ ਮਜ਼ਦੂਰਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ।ਅੱਜ ਵੀ ਇਨ੍ਹਾਂ ਮਜ਼ਦੂਰਾਂ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਚੈੱਕਅਪ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਮਜ਼ਦੂਰਾਂ ਨੂੰ ਉੱਥੇ ਪੁਲਸ ਦੀ ਨਿਗਰਾਨੀ ਹੇਠ ਇਕਾਂਤਵਾਸ ‘ਚ ਰੱਖਿਆ ਗਿਆ ਹੈ। ਯਾਦਵਿੰਦਰ ਸਿੰਘ ਬਾਜਵਾ ਡੀ.ਐੱਸ.ਪੀ. ਧਰਮਕੋਟ ਨੇ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ‘ਚ ਕਿਸੇ ਤਰ੍ਹਾਂ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਪਰ ਫਿਰ ਵੀ ਇਹਤਿਆਤ ਵਜੋਂ ਇਨ੍ਹਾਂ ਮਜ਼ਦੂਰਾਂ ਨੂੰ 14
ਦਿਨ ਲਈ ਇਕਾਂਤਵਾਸ ‘ਚ ਰੱਖਿਆ ਜਾਵੇਗਾ ਅਤੇ ਇਨ੍ਹਾਂ ਦੇ ਖਾਣ ਪੀਣ ਦਾ ਸਾਰਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਦੱਸਿਆ ਕਿ ਇਹ ਮਜ਼ਦੂਰ ਜੋ ਕਿ ਕਣਕ ਦੇ ਸੀਜ਼ਨ ਨੂੰ ਲੈ ਕੇ ਵਾਪਸ ਆਏ ਸਨ ਪਰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਚੱਲਦਿਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਨ੍ਹਾਂ ਨੂੰ ਇਕਾਂਤਵਾਸ ‘ਚ ਰੱਖਣਾ ਜ਼ਰੂਰੀ ਹੈ ਜਿਸ ਤੇ ਨਗਰ ਕੌਂਸਲ ਵਲੋਂ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਪ੍ਰਤੀ ਮਜ਼ਦੂਰ ਤਿੰਨ-ਤਿੰਨ ਕੁਇੰਟਲ ਕਣਕ ਦਿੱਤੀ ਜਾਵੇਗੀ ਅਤੇ ਇਨ੍ਹਾਂ ਦੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਮਨਦੀਪ ਸਿੰਘ ਮਾਨ ਤਹਿਸੀਲਦਾਰ ਧਰਮਕੋਟ ਗੁਰਦੀਪ ਸਿੰਘ ਨਾਇਬ ਤਹਿਸੀਲਦਾਰ ਧਰਮਕੋਟ ਬਲਰਾਜ ਮੋਹਨ ਥਾਣਾ ਮੁਖੀ ਧਰਮਕੋਟ ਤੋਂ ਇਲਾਵਾ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।