ਮੋਗਾ, 21 ਮਾਰਚ (ਜਗਰਾਜ ਸਿੰਘ ਗਿੱਲ) – ‘ਪੰਜਾਬ ਸਰਕਾਰ ਕਿਸਾਨਾਂ ਦੇ ਦੁਆਰ’ ਤਹਿਤ ਪੰਜਾਬ ਦੀ ਕਿਸਾਨੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਹਿੱਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਸ਼ਹੀਦ- ਏ – ਆਜ਼ਮ ਸ੍ਰ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਸਮਾਗਮ ਮਿਤੀ 23 ਮਾਰਚ, 2022 ਦਿਨ ਬੁੱਧਵਾਰ ਨੂੰ ਗੁਰਦੁਆਰਾ ਬਾਬਾ ਸ਼ਹੀਦਾਂ ਖੋਸਾ ਪਾਂਡੋ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਡਾ. ਪ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਸੰਕਲਪ ਨੂੰ ਪੂਰਾ ਕਰਨ ਹਿੱਤ ਖੇਤੀਬਾੜੀ ਵਿਭਾਗ ਵੱਲੋਂ ਖੇਤੀ ਪਸਾਰ ਦੀਆਂ ਸੇਵਾਵਾਂ ਨੂੰ ਗਤੀਸ਼ੀਲ ਕਰਨ ਹਿੱਤ ਇਸ ਨਿਵੇਕਲੇ ਸਰਕਾਰ – ਕਿਸਾਨ – ਸਾਇੰਸਦਾਨ ਮਿਲਣੀ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਮੋਗਾ ਦੇ ਚੁਣੇ ਗਏ ਨਵੇਂ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਹਲਕਾ ਨਿਹਾਲ ਸਿੰਘ ਵਾਲਾ, ਡਾ. ਅਮਨਦੀਪ ਕੌਰ ਅਰੋੜਾ ਵਿਧਾਇਕ ਹਲਕਾ ਮੋਗਾ, ਸ੍ਰ ਅੰਮ੍ਰਿਤਪਾਲ ਸਿੰਘ ਵਿਧਾਇਕ ਹਲਕਾ ਬਾਘਾ ਪੁਰਾਣਾ ਅਤੇ ਸ੍ਰ. ਦਵਿੰਦਰਜੀਤ ਸਿੰਘ ਢੋਸ ਵਿਧਾਇਕ ਹਲਕਾ ਧਰਮਕੋਟ ਹੋਣਗੇ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਹਰੀਸ਼ ਨਈਅਰ ਡਿਪਟੀ ਕਮਿਸ਼ਨਰ ਮੋਗਾ ਕਰਨਗੇ।
ਉਹਨਾਂ ਦੱਸਿਆ ਕਿ ਜਿੱਥੇ ਇਸ ਪ੍ਰੋਗਰਾਮ ਦੌਰਾਨ ਖੇਤੀ ਮਾਹਿਰਾਂ ਵੱਲੋ ਕਿਸਾਨਾਂ ਨੂੰ ਖੇਤੀ ਸੰਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਮੌਜੂਦਾ ਖੇਤੀ ਸੰਕਟ ਦੇ ਸੰਭਾਵੀ ਹੱਲ ਸੰਬੰਧੀ ਕਿਸਾਨ ਅਤੇ ਵਾਤਾਵਰਨ ਪੱਖੀ ਖੇਤੀ ਮਾਡਲ ਦੀ ਚਰਚਾ ਕਰਕੇ ਸਰਕਾਰ ਨੂੰ ਨਵੇਂ ਸੁਝਾਅ ਦਿੱਤੇ ਜਾਣਗੇ।
ਸਮਾਗਮ ਦੀ ਪ੍ਰਬੰਧਕੀ ਟੀਮ ਦੇ ਇੰਚਾਰਜ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਦੀ ਅਗਵਾਈ ਹੇਠ ਬਾਬੇ ਨਾਨਕ ਦੇ ਕਰਤਾਰ ਪੁਰ ਖੇਤੀ ਮਾਡਲ ਨੂੰ ਦਰਸਾਉਂਦੀਆਂ ਕੁਦਰਤੀ ਖੇਤੀ ਦੀਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਹੋਣਗੀਆਂ। ਉਹਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।