ਮੋਗਾ 22 ਮਾਰਚ (ਜਗਰਾਜ ਲੋਹਾਰਾ,ਮਿੰਟੂ ਖੁਰਮੀ)
ਮੋਗਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਦੇਖਦਿਆਂ ਇਹਤਿਆਤ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਅਤੇ ਜਾਰੀ ਕੀਤੀ ਗਈ ਕੋਅਰੰਟਾਈਨ ਸਲਾਹਕਾਰੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕੋਰੋਨਾਵਾਇਰਸ ਇੱਕ ਮਹਾਂਮਾਰੀ ਹੈ ਜੋ ਕਿ ਲਾਗ ਨਾਲ ਹੁੰਦੀ ਹੈ, ਨੂੰ ਰੋਕਣ ਲਈ ਅਜਿਹੇ ਸਖ਼ਤ ਕਦਮ ਉਠਾਉਣੇ ਜਰੂਰੀ ਹਨ, ਜਿਸ ਲਈ ਹਦਾਇਤਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਆਪਣੀ, ਆਪਣੇ ਪਰਿਵਾਰ ਅਤੇ ਦੂਜਿਆਂ ਦੀ ਜਾਨ ਦੀ ਹਿਫ਼ਾਜ਼ਤ ਲਈ ਨਿਰਧਾਰਤ ਨੇਮਾਂ ਦੀ ਪਾਲਣਾ ਹਰ ਹਾਲ ‘ਚ ਯਕੀਨੀ ਬਣਾਂਈ ਜਾਵੇ।
ਉਹਨਾਂ ਆਮ ਲੋਕਾਂ ਲਈ ਇੱਕ ਮਹੱਤਵਪੂਰਨ ਸੂਚਨਾ ਦਿੰਦਿਆਂ ਕਿਹਾ ਕਿ ਜਿਹੜੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ 14 ਦਿਨਾਂ ਦੀ ਇਕਾਂਤਵਾਸ (ਕੋਆਰੰਟਾਈਨ) ਸਲਾਹ ਤਹਿਤ ਕੋਆਰੰਟਾਈਨ ਕੀਤਾ ਗਿਆ ਹੈ, ਉਨ੍ਹਾਂ ਵੱਲੋਂ ਇਸ ਦੀ ਉਲੰਘਣਾ ਕੀਤੇ ਜਾਣ ‘ਤੇ ਉਨ੍ਹਾਂ ਖ਼ਿਲਾਫ਼ ਸਥਾਨਕ ਪੁਲਿਸ ਵੱਲੋਂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਅਧੀਨ ਅਤੇ ਕੋਰੋਨਾਵਾਇਰਸ ਤੋਂ ਬਚਾਅ ਲਈ ਜਾਰੀ ਹੁਕਮਾਂ ਦੀ ਅਣਦੇਖੀ ਕਰਨ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਚ ਹੁਣ ਤੱਕ 1130 ਲੋਕਾਂ ਨੂੰ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ। ਇੰਨਾਂ ਲੋਕਾਂ ਦਾ ਨਾਂ, ਪਤਾ ਅਤੇ ਸੰਪਰਕ ਦੀਆਂ ਲਿਸਟਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨਾਲ ਸਾਂਝੀ ਕੀਤੀਆਂ ਗਈਆਂ ਹਨ। ਸਿਹਤ ਵਿਭਾਗ ਵੱਲੋਂ ਇਹਨਾਂ ਲੋਕਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾਂਦੀ ਹੈ ਕੇ ਉਹ ਘਰ ਹੀ ਹਨ। ਜਿਹੜੇ ਲੋਕ ਆਪਣੇ ਘਰ ਨਹੀਂ ਮਿਲਣਗੇ ਉਹਨਾਂ ਦੀ ਜਾਣਕਾਰੀ ਪੁਲਸ ਨੂੰ ਲੋੜੀਂਦੀ ਕਾਰਵਾਈ ਲਈ ਦਿੱਤੀ ਜਾਵੇਗੀ।
ਕੋਆਰੰਟਾਈਨ ਕੀਤੇ ਗਏ ਲੋਕਾਂ ਦੇ ਘਰ ਦੇ ਬਾਹਰ ਸਟਿੱਕਰ ਲਗਾਏ ਗਏ ਹਨ ਅਤੇ ਉਹਨਾਂ ਦੇ ਹੱਥਾਂ ਉੱਤੇ ਸਟੰਪ ਲਗਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸੀ ਵੀ ਸਿਹਤ ਸਬੰਧੀ ਲੋੜ ਲਈ ਟੌਲ ਫ੍ਰੀ ਹੈਲਪਲਾਈਨ ਨੰਬਰ 104 ‘ਤੇ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਮੋਗਾ ਨੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕੇ ਅੱਜ ਜਨਤਕ ਬੰਦ ਦੇ ਸੱਦੇ ਨੂੰ ਨਿੱਘਾ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਅੱਜ ਜ਼ਿਲ੍ਹਾ ਮੋਗਾ ਚ ਮੁਕੰਮਲ ਬੰਦ ਰਿਹਾ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਨੇਰ ਨਸ਼ਾ ਛੁਡਾਊ ਕੇਂਦਰ ਵਿਖੇ 70 ਬੈੱਡ ਦਾ ਕੋਰੋਨਾ ਵਾਈਰਸ ਸਬੰਧੀ ਆਈਸੋਲੇਸ਼ਨ ਵਾਰਡ ਸਥਾਪਤ ਕੀਤਾ ਗਿਆ ਹੈ.