ਮੋਗਾ 31 ਅਗਸਤ (ਜਗਰਾਜ ਸਿੰਘ ਗਿੱਲ)
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਇਸਦੇ ਸੰਕਰਮਣ ਤੇ ਠੱਲ੍ਹ ਪਾਉਣ ਲਈ ਮਿਸ਼ਨ ਫਤਹਿ ਤਹਿਤ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰੋਨਾ ਮਰੀਜ਼ਾਂ ਨੂੰ ਸਮਾਂ ਰਹਿੰਦੇ ਟਰੇਸ ਕਰਨ ਅਤੇ ਜ਼ਿਲ੍ਹੇ ਵਿੱਚ ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜ਼ਾਂ ਦੀ ਨਿਗਰਾਨੀ ਕਰਨ ਦੇ ਮਕਸਦ ਨਾਲ ਨਿਗਰਾਨ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਿਗਰਾਨ ਟੀਮਾਂ ਦੇ ਗਠਨ ਨਾਲ ਕਰੋਨਾ ਸੰਕਰਮਣ ਤੇ ਬਹੁਤ ਹੱਦ ਤੱਕ ਰੋਕ ਲਗਾਈ ਜਾ ਸਕੇਗੀ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਦੀ ਨਿਗਰਾਨ ਕਮੇਟੀ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ੁਭਾਸ਼ ਚੰਦਰ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸਦੇ ਲਈ ਸਬ ਡਿਵੀਜ਼ਨ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਨੂੰ 4-4 ਜ਼ੋਨਾਂ ਵਿੱਚ ਅਤੇ ਬਾਘਾਪੁਰਾਣਾ ਨੂੰ 6 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਹਰ ਇੱਕ ਜ਼ੋਨ ਵਿੱਚ ਇੱਕ ਇੰਚਾਰਜ ਅਤੇ ਜ਼ੋ਼ਨ ਅਨੁਸਾਰ ਮੈਬਰ ਦਿੱਤੇ ਗਏ ਹਨ। ਇਨ੍ਹਾਂ ਜ਼ੋਨਾਂ ਦੇ ਇੰਚਾਰਜ਼ ਆਪਣੇ ਟੀਮ ਮੈਬਰਾਂ ਨਾਲ ਆਪਣੇ ਆਪਣੇ ਜ਼ੋਨਾਂ ਵਿੱਚ ਕਰੋਨਾ ਪਾਜੀਟਿਵ ਮਰੀਜ਼ਾਂ ਦੀ ਟਰੇਸਿੰਗ ਕਰਨਗੇ ਤਾਂ ਕਿ ਸਮੇ ਸਿਰ ਉਨ੍ਹਾਂ ਨੂੰ ਆਈਸੋਲੇਸ਼ਨ ਦੀ ਸੁਵਿਧਾ ਜਾਂ ਹੋਰ ਸੁਵਿਧਾ ਪ੍ਰਦਾਨ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋ ਪਾਜੀਟਿਵ ਮਰੀਜ਼ ਦੀ ਸ਼ਨਾਖਤ ਹੋ ਜਾਂਦੀ ਹੈ ਤਾਂ ਇਹ ਟੀਮਾਂ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਜਲਦੀ ਤੋ ਜਲਦ ਟਰੇਸਿੰਗ ਕਰਕੇ ਉਨ੍ਹਾਂ ਦੀ ਸੈਪਲਿੰਗ, ਟ੍ਰੈਵਲ ਹਿਸਟਰੀ, ਸੰਪਰਕ ਹਿਸਟਰੀ ਆਦਿ ਵੀ ਸਿਹਤ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ ਕਰਵਾਉਣਗੀਆਂ। ਇਨ੍ਹਾਂ ਟੀਮਾਂ ਦੇ ਇੰਚਾਰਜ਼ ਫੀਲਡ ਵਿੱਚ ਜਾਣ ਤੋ ਪਹਿਲਾਂ ਅਤੇ ਬਾਅਦ ਵਿੱਚ ਸੈਨੀਟਾਈਜੇਸ਼ਨ ਦੀ ਪ੍ਰਕਿਰਿਆ ਨੂੰ ਅਪਣਾਉਣਾ ਵੀ ਯਕੀਨੀ ਬਣਾਉਣਗੇ। ਜੋ ਮਰੀਜ਼ ਘਰਾਂ ਵਿੱਚ ਇਕਾਂਤਵਾਸ ਹਨ ਉਨ੍ਹਾ ਕੋਲ ਸਿਹਤ ਸੁਵਿਧਾ ਨਾਲ ਸਬੰਧਤ ਜਰੂਰੀ ਕਿੱਟ ਹੋਣੀ ਅਤੇ ਵਰਤੋ ਕਰਨੀ ਲਾਜ਼ਮੀ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕਰੋਨਾ ਮਰੀਜ਼ਾਂ ਦੀ ਛੇਤੀ ਸ਼ਨਾਖਤ ਹੋਣ ਨਾਲ ਉਨ੍ਹਾ ਤੋ ਦੂਸਰਿਆਂ ਨੂੰ ਹੋਣ ਵਾਲੇ ਸੰਕਰਮਣ ਨੂੰ ਰੋਕਿਆ ਜਾ ਸਕੇਗਾ ਅਤੇ ਉਨ੍ਹਾਂ ਨੂੰ ਜਲਦੀ ਤੋ ਜਲਦੀ ਬਣਦੀ ਡਾਕਟਰੀ ਸਹਾਇਤਾ ਜਾਂ ਇਕਾਂਤਵਾਸ ਦੀ ਸਹੂਲਤ ਮੁਹੱਈਆ ਹੋ ਸਕੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦੇ ਕਰੋਨਾ ਸੰਕਰਮਣ ਨੂੰ ਖਤਮ ਕਰਨ ਲਈ ਵਿੱਢੇ ਮਿਸ਼ਨ ਫਤਹਿ ਨੂੰ ਕਾਮਯਾਬੀ ਦਾ ਹੁਲਾਰਾ ਮਿਲੇਗਾ।
ਇਸ ਤੋ ਇਲਾਵਾ ਇਹ ਟੀਮਾਂ ਹੋਮ ਆਈਸੋਲੇਸ਼ਨ ਦੀ ਉਲੰਘਣਾ ਅਤੇ ਅਜਿਹੇ ਹੋਰ ਕੇਸ ਜਿੱਥੇ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਹੋ ਰਹੀ ਹੈ ਹੀ ਚੈਕਿੰਗ ਕਰਨ ਨੂੰ ਵੀ ਯਕੀਨੀ ਬਣਾਉਣਗੀਆਂ।