• Thu. Nov 21st, 2024

ਕਰੋਨਾ ਦੀ ਸਥਿਤੀ ਅਤੇ ਪੰਜਾਬ ਵਿੱਚ ਦੂਜੀ ਲਹਿਰ ਦੇ ਖਦਸ਼ਿਆਂ ਦੇ ਮੱਦੇਨਜ਼ਰ ਪੰਜਾਬ ਚ ਲੱਗੇਗਾ ਰਾਤ ਦਾ ਕਰਫਿਊ,ਮਾਸਕ ਨਾ ਪਾਉਣ ਤੇ 1000 ਰੁਪਏ ਜੁਰਮਾਨਾ

ByJagraj Gill

Nov 26, 2020

 

ਚੰਡੀਗੜ੍ਹ, 26 ਨਵੰਬਰ ਦਿੱਲੀ-ਐਨ.ਸੀ.ਆਰ. ਵਿੱਚ ਕੋਵਿਡ ਦੀ ਗੰਭੀਰ ਸਥਿਤੀ ਅਤੇ ਪੰਜਾਬ ਵਿੱਚ ਦੂਜੀ ਲਹਿਰ ਦੇ ਖਦਸ਼ਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿੱਚ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਪਹਿਲੀ ਦਸੰਬਰ ਤੋਂ ਸੂਬੇ ਦੇ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਦੁਬਾਰਾ ਰਾਤ ਦਾ ਕਰਫਿਊ ਲਾਇਆ ਜਾਣਾ ਅਤੇ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਦੁੱਗਣਾ ਜੁਰਮਾਨਾ ਲਾਇਆ ਜਾਣਾ ਸ਼ਾਮਲ ਹਨ।ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਪਾਬੰਦੀਆਂ ਦੀ ਸਮੀਖਿਆ 15 ਦਸੰਬਰ ਨੂੰ ਕੀਤੀ ਜਾਵੇਗੀ ਅਤੇ ਸਾਰੇ ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਬੰਦ ਹੋਣਗੇੇ। ਉਨ੍ਹਾਂ ਅੱਗੇ ਕਿਹਾ ਕਿ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5:00 ਵਜੇ ਤੱਕ ਲਾਗੂ ਰਹੇਗਾ। ਉਨ੍ਹਾਂ ਲੋਕਾਂ ਨੂੰ ਇਸ ਸਬੰਧ ਵਿੱਚ ਅਣਗਹਿਲੀ ਨਾ ਵਰਤਣ ਦੀ ਚਿਤਾਵਨੀ ਵੀ ਦਿੱਤੀ।ਇਕ ਉੱਚ ਪੱਧਰੀ ਸੂਬਾਈ ਕੋਵਿਡ ਸਮੀਖਿਆ ਮੀਟਿੰਗ ਤੋਂ ਬਾਅਦ ਨਵੀਆਂ ਪਾਬੰਦੀਆਂ ਦੇ ਵੇਰਵੇ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਸਿੱਟੇ ਵਜੋਂ ਜੁਰਮਾਨਾ ਮੌਜੂਦਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।ਦਿੱਲੀ ਤੋਂ ਪੰਜਾਬ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਦੇ ਨਿੱਜੀ ਹਸਪਤਾਲਾਂ ਵਿੱਚ ਬਿਸਤਰਿਆਂ (ਬੈੱਡਜ਼) ਦੀ ਗਿਣਤੀ ਦੀ ਸਮੀਖਿਆ ਕਰਕੇ ਇਨ੍ਹਾਂ ਵਿੱਚ ਵਾਧਾ ਕੀਤਾ ਜਾਵੇ। ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾਉਣ ਲਈ ਕਿਹਾ ਹੈ ਤਾਂ ਜੋ ਵੱਧ ਤੋਂ ਵੱਧ ਨਿੱਜੀ ਹਸਪਤਾਲ ਕੋਵਿਡ ਸੰਭਾਲ ਲਈ ਬਿਸਤਰੇ ਉਪਲਬਧ ਕਰਵਾ ਸਕਣ।ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਅਤੇ ਆਈ.ਸੀ.ਯੂ. ਬੈੱਡਜ਼ ਦੀ ਉਪਲੱਬਧਤਾ ਨੂੰ ਹੋਰ ਹੁਲਾਰਾ ਦੇਣ ਲਈ ਐਲ II ਅਤੇ ਐਲ III ਨੂੰ ਮਜਬੂਤੀ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਨ੍ਹਾਂ ਜ਼ਿਲ੍ਹਿਆਂ ਦੀ ਨਿਗਰਾਨੀ ਲਈ ਵੀ ਕਿਹਾ ਹੈ ਜਿਨ੍ਹਾਂ ਕੋਲ ਐਲ III ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਹਿਰਾਂ ਦੇ ਸਮੂਹ ਵੱਲੋਂ ਹਾਸਿਲ ਹੋਈ ਰਿਪੋਰਟ ਦੀਆਂ ਸਿਫਾਰਿਸ਼ਾਂ ਦੇ ਸੰਦਰਭ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਤੇ ਸਿਵਲ ਹਸਪਤਾਲਾਂ ਦੇ ਪ੍ਰਬੰਧਨ ‘ਤੇ ਵੀ ਨਿਗ੍ਹਾ ਰੱਖੀ ਜਾਵੇਗੀ।ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਪੈਸ਼ਲਿਸਟਾਂ, ਸੁਪਰ ਸਪੈਸ਼ਲਿਸਟਾਂ, ਨਰਸਾਂ ਤੇ ਪੈਰਾ ਮੈਡਿਕਸ ਦੀਆਂ ਹੰਗਾਮੀ ਭਰਤੀਆਂ ਕੀਤੀਆਂ ਜਾਣ ਤਾਂ ਜੋ ਹਾਲ ਹੀ ਵਿੱਚ 249 ਸਪੈਸ਼ਲਿਸਟ ਡਾਕਟਰਾਂ ਅਤੇ 407 ਮੈਡੀਕਲ ਅਫਸਰਾਂ ਦੀ ਭਰਤੀ ਨਾਲ ਮਜਬੂਤ ਹੋਏ ਅਮਲੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਇਨ੍ਹਾਂ ਵਿਭਾਗਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਚੌਥੇ ਤੇ ਪੰਜਵੇਂ ਵਰ੍ਹੇ ਦੇ ਐਮ.ਬੀ.ਬੀ.ਐਸ. ਵਿਦਿਆਰਥੀਆਂ ਨੂੰ ਭਵਿੱਖ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਰਿਜ਼ਰਵ ਦੇ ਤੌਰ ‘ਤੇ ਰੱਖਿਆ ਜਾਵੇ।ਟੈਸਟਿੰਗ ਸਬੰਧੀ ਮੁੱਖ ਮੰਤਰੀ ਨੇ ਇਸ ਗੱਲ ਦੀ ਲੋੜ ‘ਤੇ ਜ਼ੋਰ ਦਿੱਤਾ ਕਿ ਰੋਜ਼ਾਨਾ ਦੀ 25,500 ਆਰ.ਟੀ. ਪੀ.ਸੀ.ਆਰ. ਟੈਸਟਿੰਗ ਸਮਰੱਥਾ ਦਾ ਭਰਪੂਰ ਇਸਤੇਮਾਲ ਕੀਤਾ ਜਾਵੇ ਅਤੇ ਇਹ ਨਿਰਦੇਸ਼ ਵੀ ਦਿੱਤੇ ਕਿ ਜਿਨ੍ਹਾਂ ਤੋਂ ਕੋਵਿਡ ਦੇ ਸੰਭਾਵੀ ਫੈਲਾਅ ਦਾ ਖਦਸ਼ਾ ਹੈ ਭਾਵ ਸਰਕਾਰੀ ਅਧਿਕਾਰੀਆਂ ਦੀ ਨਿਯਮਿਤ ਰੂਪ ਨਾਲ ਟੈਸਟਿੰਗ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਹਸਪਤਾਲਾਂ ਕੋਲ 24X7 ਟੈਸਟਿੰਗ ਸਮਰੱਥਾ ਵੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਅਜਿਹੀਆਂ ਸੁਖਾਲੀਆਂ ਥਾਵਾਂ ‘ਤੇ ਵੀ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ ਜਿੱਥੇ ਕਿ ਲੋਕਾਂ ਦੀ ਇਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਹੋ ਸਕੇ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹਾਲਾਂਕਿ ਸੰਪਰਕ ਟਰੇਸਿੰਗ ਵਿੱਚ ਵਾਧਾ ਹੋਣਾ ਇਕ ਚੰਗਾ ਸ਼ਗਣ ਹੈ ਪਰ ਇਨ੍ਹਾਂ ਸਾਰੇ ਸੰਪਰਕਾਂ ਦੀ ਟੈਸਟਿੰਗ ਯਕੀਨੀ ਬਣਾਉਣ ‘ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਰੀਜ਼ਾਂ ਦਾ ਪਤਾ ਲਾਉਣ ਲਈ ਜ਼ਿੰਮੇਵਾਰ ਅਫਸਰਾਂ (ਪੇਸ਼ੈਂਟ ਟਰੈਕਿੰਗ ਅਫਸਰ) ਨੂੰ ਇਹ ਕੰਮ ਸੌਂਪਿਆ ਜਾਣਾ ਚਾਹੀਦਾ ਹੈ।ਇਹ ਯਕੀਨੀ ਬਣਾਉਣ ਲਈ ਕਿ ਘਰੇਲੂ ਏਕਾਂਤਵਾਸ ਦੌਰਾਨ ਕੋਈ ਮੌਤ ਨਾ ਹੋਵੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਕੇਸਾਂ ਜਾਂ ਮਾਮਲਿਆਂ ‘ਤੇ ਨਜ਼ਰ ਰੱਖਣ ਲਈ ਜਿਸ ਏਜੰਸੀ ਦੀਆਂ ਸੇਵਾਵਾਂ ਲਈਆਂ ਜਾਣ ਉਸ ਨੂੰ ਅਜਿਹੇ ਮਰੀਜ਼ਾਂ ‘ਤੇ ਕਰੜੀ ਨਿਗ੍ਹਾ ਰੱਖਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਮੌਤ ਦੀ ਦਰ ਸਬੰਧੀ ਆਡਿਟ ਚੱਲ ਰਿਹਾ ਹੈ, ਪਰ ਇਹ ਤਸੱਲੀ ਵਾਲੀ ਗੱਲ ਹੈ ਕਿ ਵਿਭਾਗ ਵੱਲੋਂ ਨਿੱਜੀ ਹਸਪਤਾਲਾਂ ਦੁਆਰਾ ਵੈਂਟੀਲੇਟਰ ‘ਤੇ ਮਰੀਜ਼ਾਂ ਨੂੰ ਪਾਉਣ ਬਾਰੇ ਕਾਰਨ ਪੁੱਛੇ ਜਾ ਰਹੇ ਹਨ ਅਤੇ ਇਨ੍ਹਾਂ ਮਰੀਜ਼ਾਂ ‘ਤੇ ਨਜ਼ਰ ਰੱਖਣ ਲਈ ਇਕ ਰੈਫਰਲ ਗਰੁੱਪ ਵੀ ਉਪਲੱਬਧ ਹੈ।ਕੋਵਿਡ ਦੀ ਵੈਕਸੀਨ (ਦਵਾਈ) ਛੇਤੀ ਆ ਜਾਣ ਦੀਆਂ ਰਿਪੋਰਟਾਂ ਵੱਲ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਿਹਤ ਕਾਮਿਆਂ ਦਾ ਪੂਰਾ ਡੇਟਾਬੇਸ ਤਿਆਰ ਹੋ ਚੁੱਕਾ ਹੈ ਪਰ ਵਿਭਾਗਾਂ ਨੂੰ ਵਰੰਟਲਾਈਨ ਵਰਕਰਾਂ ਦੀਆਂ ਹੋਰਨਾਂ ਸ਼੍ਰੇਣੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਤਰਜੀਹੀ ਆਧਾਰ ‘ਤੇ ਇਹ ਦਵਾਈ ਦਿੱਤੀ ਜਾ ਸਕੇ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *