- ਵਿਦਿਆਰਥੀਆਂ ਨੂੰ ਰੱਖਿਆ ਬਲਾਂ ਵਿੱਚ ਸੇਵਾਵਾਂ ਦੇਣ ਦੇ ਯੋਗ ਬਣਾਉਣ ਵਿੱਚ ਹੋਵੇਗਾ ਮੱਦਦਗਾਰ ਸਾਬਤ
- ਮੋਗਾ, 27 ਨਵੰਬਰ
- /ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/
ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਨੌਜਵਾਨ ਲੜਕਿਆਂ ਨੂੰ ਰਾਸ਼ਟਰੀ ਰੱਖਿਆ ਸੇਵਾਵਾਂ ਵਿੱਚ ਸ਼ਾਮਿਲ ਕਰਵਾਉਣ ਲਈ ਬਿਹਤਰ ਮੌਕੇ ਪ੍ਰਦਾਨ ਕਰਵਾਉਣ ਦੇ ਮਨੋਰਥ ਨਾਲ ਸ਼ੁਰੂ ਕੀਤਾ ਗਿਆ ਹੈ।ਇਸ ਇੰਸਟੀਚਿਊਟ ਦੀ ਦਾਖਲਾ ਪ੍ਰੀਖਿਆ ਪਾਸ ਕਰਕੇ ਵਿਦਿਆਰਥੀ 11ਵੀਂ ਅਤੇ ਬਾਰਵ੍ਹੀਂ ਜਮਾਤ ਵਧੀਆ ਸਕੂਲ ਅਤੇ ਵਧੀਆ ਮਾਹੌਲ ਵਿੱਚ ਪਾਸ ਕਰਕੇ ਰੱਖਿਆ ਬਲਾਂ ਵਿੱਚ ਆਪਣੀਆਂ ਸੇਵਾਵਾਂ ਦੇਣ ਦੇ ਯੋਗ ਬਣ ਸਕਦੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਦਾਖਲਾ ਸਿਰਫ ਇੰਸਟੀਚਿਊਟ ਦੀ ਪ੍ਰੀਖਿਆ ਪਾਸ ਕਰਕੇ 10ਵੀਂ ਵਿੱਚ ਪੜ੍ਹ ਰਹੇ ਵਿਦਿਆਰਥੀ ਹੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਦਾਖਲਾ ਪ੍ਰੀਖਿਆ 17 ਜਨਵਰੀ, 2021 ਨੂੰ ਹੋ ਰਹੀ ਹੈ, ਜਿਸ ਵਿੱਚ 40 ਫੀਸਦੀ ਅੰਗਰੇਜ਼ੀ ਅਤੇ 60 ਫੀੋਸਦੀ ਗਣਿਤ ਦਾ ਸਿਲੇਬਸ ਸ਼ਾਮਿਲ ਕੀਤਾ ਜਾਵੇਗਾ। ਵਿਦਿਆਰਥੀ ਕੋਲ ਪੰਜਾਬ ਦੀ ਰਿਹਾਇਸ਼ ਦਾ ਪੱਕਾ ਸਬੂਤ ਵੀ ਹੋਣਾ ਲਾਜ਼ਮੀ ਹੈ।ਇਸ ਟੈਸਟ ਵਿੱਚ ਦਾਖਲੇ ਲਈ ਵਿਦਿਆਰਥੀ ਦੀ ਜਨਮ ਮਿਤੀ 2 ਜੁਲਾਈ 2004 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦਾਖਲਾ ਟੈਸਟ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੋਹਾਲੀ ਦੇ ਵਧੀਆ ਸਕੂਲ ਵਿੱਚ 11ਵੀਂ ਅਤੇ 12ਵੀਂ ਦੀ ਉਚ ਦਰਜੇ ਦੀ ਸਿੱਖਿਆ ਬਹੁਤ ਹੀ ਘੱਟ ਖਰਚੇ ਉੱਪਰ ਪ੍ਰਦਾਨ ਕਰਵਾਈ ਜਾ ਜਾਵੇਗੀ। ਦਾਖਲਾ ਟੈਸਟ ਪਾਸ ਕਰਨ ਉਪਰੰਤ ਵਿਦਿਆਰਥੀਆਂ ਨੂੰ ਵਧੀਆ ਦਰਜੇ ਦੇ ਹੋਸਟਲ ਜਿੰਨ੍ਹਾਂ ਵਿੱਚ ਅਲੱਗ ਅਲੱਗ ਕਮਰਿਆਂ ਦੀ ਸਹੂਲਤ(ਅਟੈਚਡ ਬਾਥਰੂਮ) ਦੀ ਸੁਵਿਧਾ ਹੋਵੇਗੀ, ਮੁਫ਼ਤ ਮੁਹੱਈਆ ਕਰਵਾਏ ਜਾਣਗੇ।ਇਨ੍ਹਾਂ ਸਕੂਲਾ ਵਿੱਚ ਉਚ ਦਰਜੇ ਦੀਆਂ ਖੇਡਾਂ ਅਤੇ ਵਿਲੱਖਣ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ, ਜਿੰਨ੍ਹਾਂ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਆਨਲਾਈਨ http/recruitment-portal.in ਤੇ 1 ਦਸੰਬਰ 2020 ਤੋ 5 ਜਨਵਰੀ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛ ਗਿੱਛ ਲਈ ਵੈਬਸਾਈਟ www.afpipunjab.org ਤੇ ਵੀ ਵਿਜਟ ਕੀਤਾ ਜਾ ਸਕਦਾ ਹੈ। ਚਾਹਵਾਨ ਉਮੀਦਵਾਰ ਨਿੱਜੀ ਤੌਰ ਤੇ ਵੀ ਡਾਇਰੈਕਟਰ ਏ.ਐਫ.ਪੀ.ਆਈ. ਸੈਕਟਰ 77, ਐਸ.ਏ.ਅੇੈਸ. ਨਗਰ ਮੋਹਾਲੀ 140308 ਪਹੁੰਚ ਕਰਕੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ।ਇੰਸਟੀਚਿਊਟ ਦੀ ਈਮੇਲ [email protected], [email protected] ਅਤੇ ਸੰਪਰਕ ਨੰਬਰ 9041006305, 0160-2258705 ਉੱਪਰ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।