ਮੋਗਾ, 3 ਅਗਸਤ (ਜਗਰਾਜ ਲੋਹਾਰਾ)
ਸਥਾਨਕ ਸਰਕਾਰਾਂ ਵਿਭਾਗ ਕੋਵਿਡ ਦੀ ਔਖੀ ਘੜੀ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਕੋਵਿਡ ਦੇ ਸੰਕਰਮਣ ਨੂੰ ਫੈਲਣ ਤੋ ਰੋਕਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋ ਵਿੱਢੇ ਮਿਸ਼ਨ ਫਤਹਿ ਨੂੰ ਨਿੱਤ ਦਿਨ ਕਾਮਯਾਬੀ ਵੱਲ ਲਿਜਾ ਰਿਹਾ ਹੈ। ਜੇਕਰ ਜਲ੍ਹਿਾ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿੱਚ ਬਾਹਰੋ ਆਉਣ ਵਾਲੇ ਯਾਤਰੀਆਂ ਜਾਂ ਵਿਅਕਤੀਆਂ ਲਈ ਬਣਾਏ ਗਏ ਇਕਾਂਤਵਾਸ ਕੇਦਰਾਂ ਦੀ ਜਿੰਮੇਵਾਰੀ ਸਥਾਨਕ ਸਰਕਾਰਾਂ ਵਿਭਾਗ ਸੰਭਾਲ ਰਿਹਾ ਹੈ ਜਿੱਥੇ ਕਿ ਵਿਅਕਤੀਆਂ ਨੂੰ ਉਨ੍ਹਾਂ ਦੀ ਸਿਹਤ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ 7 ਦਿਨਾਂ ਦੇ ਇਕਾਂਤਵਾਸ ਦੇ ਸਮੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਉਸ ਤੋ ਹੋਰਾਂ ਨੂੰ ਹੋਣ ਵਾਲੇ ਸੰਕਰਮਣ ਨੂੰ ਬਿਲਕੁਲ ਜੀਰੋ ਉਤੇ ਰੱਖਿਆ ਜਾ ਸਕੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਈ.ਆਰ.ਸੀ. (ਇੰਮਬਾਊਡ ਰਿਸੈਪਸ਼ਨ ਸੈਟਰ) ਜਨੇਰ ਵਿੱਚ ਬਣਾਇਆ ਗਿਆ ਹੈ ਜਿੱਥੇ ਕਿ ਬਾਹਰੋ ਆਉਣ ਵਾਲੇ ਯਾਤਰੀਆਂ/ਐਨ.ਆਰ.ਆਈ. ਦੀ ਰਜਿਸਟ੍ਰੇਸ਼ਨ ਅਤੇ ਸਕਰੀਨਿੰਗ ਹੁੰਦੀ ਹੈ। ਸਕਰੀਨਿੰਗ ਤੋ ਬਾਅਦ ਉਨ੍ਹਾਂ ਦਾ 5ਵੇ ਦਿਨ ਕਰੋਨਾ ਦਾ ਸੈਪਲ ਇਕੱਤਰ ਕਰਕੇ ਜਾਂਚ ਲਈ ਭੇਜਿਆ ਜਾਂਦਾ ਹੈ ਅਤੇ 8ਵੇ ਦਿਨ ਰਿਪੋਰਟ ਦੇ ਆਧਾਰ ਤੇ ਉਨ੍ਹਾਂ ਨੂੰ ਘਰ ਜਾਂ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ। ਜ਼ਿਲ੍ਹਾ ਮੋਗਾ ਵਿੱਚ ਰੈਡ ਕਰਾਸ ਵੋਮੈਨ ਸੈਟਰ ਲੰਢੇਕੇ ਅਤੇ ਐਸ.ਐਫ.ਸੀ. ਸਕੂਲ ਜਲਾਲਾਬਾਦ ਦੋ ਸਰਕਾਰੀ ਕੋਰਨਟਾਈਨ ਸੈਟਰ ਬਣਾਏ ਗਏ ਹਨ ਜਿੱਥੇ ਕਿ ਬਾਹਰੋ ਆਉਣ ਵਾਲੇ ਯਾਤਰੀਆਂ ਨੂੰ 7 ਦਿਨਾਂ ਦੇ ਇਕਤਾਂਵਾਸ ਤੋ ਬਾਅਦ ਘਰ ਭੇਜਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟਰਾਂ ਜਰੀਏ ਹੁਣ ਤੱਕ 944 ਯਾਤਰੀਆਂ ਜਾਂ ਵਿਅਕਤੀਆਂ ਨੂੰ 7 ਦਿਨ ਇਕਾਂਤਵਾਸ ਵਿੱਚ ਰੱਖ ਕੇ ਕਰੋਨਾ ਸਬੰਧੀ ਸਿਹਤ ਚੈਕਅੱਪ ਕਰਕੇ ਘਰ ਭੇਜਿਆ ਗਿਆ, ਜਿੰਨ੍ਹਾਂ ਵਿੱਚੋ 12 ਵਿਅਕਤੀਆਂ ਦੀਆਂ ਰਿਪੋਰਟਾਂ ਕਰੋਨਾ ਸਬੰਧੀ ਪਾਜੀਟਿਵ ਆਈਆਂ ਸਨ। ਇਨ੍ਹਾਂ ਵਿੱਚੋ 10 ਵਿਅਕਤੀਆਂ ਨੇ ਕਰੋਨਾ ਨੂੰ ਹਰਾਉਣ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਰਿਸ਼ਟ ਪੁਸ਼ਟ ਹੋ ਕੇ ਆਪਣੇ ਘਰ ਵਾਪਸੀ ਕੀਤੀ ਹੈ ਅਤੇ 2 ਵਿਅਕਤੀ ਜਿੰਨ੍ਹਾਂ ਦੀਆਂ ਰਿਪੋਰਟਾਂ ਹਾਲ ਵਿੱਚ ਹੀ ਪਾਜੀਟਿਵ ਆਈਆਂ ਹਨ ਨੂੰ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਢੁੱਡੀਕੇ ਦੇ ਲੈਵਲ 1 ਸੈਟਰ ਵਿੱਚ ਰੱਖਿਆ ਗਿਆ ਹੈ ਜਿੱਥੇ ਕਿ ਉਨ੍ਹਾਂ ਦੀ ਸਿਹਤ ਅਤੇ ਖਾਣ ਪੀਣ ਦਾ ਉਚੇਚਾ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਕਿ ਉਹ ਜਲਦ ਤੋ ਜਲਦ ਆਪਣੀ ਪ੍ਰਬਲ ਇੱਛਾ ਸ਼ਕਤੀ ਨਾਲ ਕਰੋਨਾ ਨੂੰ ਮਾਤ ਦੇ ਸਕਣ ਅਤੇ ਆਪਣੇ ਘਰ ਵਾਪਸ ਜਾ ਸਕਣ।
ਸ੍ਰੀਮਤੀ ਦਰਸ਼ੀ ਨੇ ਦੱਸਿਆ ਕਿ ਇਨ੍ਹਾਂ ਸੈਟਰਾਂ ਨੂੰ ਰੋਜ ਰੋਜ਼ ਸੈਨੇਟਾਈਜ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸੈਟਰਾਂ ਵਿੱਚ ਤਜਰਬੇਕਾਰ ਡਾਕਟਰਾਂ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਕਿ ਕਿਸੇ ਵੀ ਯਾਤਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਨ੍ਹਾਂ ਵਿੱਚ ਵਿਅਕਤੀਆਂ ਨੂੰ 3 ਟਾਈਮ ਸੰਤੁਲਿਤ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਯਾਤਰੀਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਇਆ ਜਾਂ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੀ ਕਾਊਸਲਿੰਗ ਵੀ ਆਨਲਾਈਨ ਕੀਤੀ ਜਾ ਰਹੀ ਹੈ ਤਾਂ ਕਿ ਇਨ੍ਹਾਂ ਯਾਤਰੀਆਂ ਜਾਂ ਵਿਅਕਤੀਆਂ ਦਾ ਮਨੋਬਲ ਉੱਚਾ ਰਹੇ ਅਤੇ ਇਹ ਕਿਸੇ ਵੀ ਗੱਲ ਤੋ ਘਬਰਾਉਣ ਨਾ।