ਫੱਕਰ ਬਾਬਾ ਦਾਮੂੰ ਸ਼ਾਹ ਟ੍ਰੇਨਿੰਗ ਸੈਂਟਰ ਲੋਹਾਰਾ ਵਿਖੇ ਉਮੀਦਵਾਰ ਲਿਖਤੀ ਅਤੇ ਸਰੀਰਿਕ ਪ੍ਰੀਖਿਆ ਦੀ ਲੈ ਸਕਦੇ ਹਨ ਮੁਫ਼ਤ ਕੋਚਿੰਗ – ਡਿਪਟੀ ਕਮਿਸ਼ਨਰ
ਮੋਗਾ, 16 ਨਵੰਬਰ
(ਜਗਰਾਜ ਗਿੱਲ, ਮਨਪ੍ਰੀਤ ਮੋਗਾ) –
ਜਿਲ੍ਹਾ ਲੁਧਿਆਣਾ ਦੇ ਢੋਲੇਵਾਲ ਮਿਲਟਰੀ ਸਟੇਸ਼ਨ ਵਿਖੇ ਆਰਮੀ ਦੀ ਭਰਤੀ ਰੈਲੀ, ਜਿਸ ਵਿੱਚ ਮੋਗਾ, ਲੁਧਿਆਣਾ, ਰੂਪਨਗਰ ਅਤੇ ਮੋਹਾਲੀ ਜਿਲ੍ਹਿਆਂ ਦੇ ਉਮੀਦਵਾਰ ਭਾਗ ਲੈ ਸਕਦੇ ਹਨ, ਮਿਤੀ 07 ਅਪ੍ਰੈਲ 2020 ਤੋਂ 16 ਅਪ੍ਰੈਲ 2020 ਤੱਕ ਹੋਣੀ ਸੀ। ਇਸ ਭਰਤੀ ਰੈਲੀ ਨੂੰ ਕੋਵਿਡ-19 ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਹ ਭਰਤੀ ਰੈਲੀ ਏ.ਐਸ.ਕਾਲਜ ਕਲਾਲ ਮਾਜਰਾ, ਖੰਨਾ ਜਿਲ੍ਹਾ ਲੁਧਿਆਣਾ ਵਿਖੇ ਮਿਤੀ 07 ਦਸੰਬਰ ਤੋਂ 22 ਦਸੰਬਰ, 2020 ਤੱਕ ਹੋਣ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਅਤੇ ਜਿਲ੍ਹਾ ਰੋਜ਼ਗਾਰ ਜਨਰੇਸ਼ਨ, ਟ੍ਰੇਨਿੰਗ ਅਫਸਰ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਰੈਲੀ ਵਿੱਚ ਉਹ ਹੀ ਉਮੀਦਵਾਰ ਹਿੱਸਾ ਲੈਣਗੇ, ਜਿੰਨ੍ਹਾਂ ਨੇ ਫਰਵਰੀ 2020 ਵਿੱਚ ਆਨ-ਲਾਈਨ ਰਜਿਸਟੇਸ਼ਨ ਕਰਵਾਈ ਸੀ, ਕੋਈ ਨਵਾਂ ਉਮੀਦਵਾਰ ਇਸ ਭਰਤੀ ਰੈਲੀ ਲਈ ਅਪਲਾਈ ਨਹੀਂ ਕਰ ਸਕਦਾ।ਉਨ੍ਹਾਂ ਅੱਗੇ ਦੱਸਿਆ ਕਿ ਜਿੰਨ੍ਹਾਂ ਉਮੀਦਵਾਰਾਂ ਨੇ ਇਸ ਭਰਤੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਫਰਵਰੀ 2020 ਵਿੱਚ ਆਨ-ਲਾਈਨ ਦੀ ਪ੍ਰਕਿਰਿਆ ਪੂਰੀ ਕੀਤੀ ਸੀ, ਉਹਨਾਂ ਨੂੰ ਈ-ਮੇਲ ਰਾਹੀਂ ਮਿਤੀ 22 ਨਵੰਬਰ ਤੋਂ 6 ਦਸੰਬਰ, 2020 ਤੱਕ ਐਡਮਿਟ ਕਾਰਡ ਭੇਜੇ ਜਾਣਗੇ, ਇਨ੍ਹਾਂ ਐਡਮਿਟ ਕਾਰਡਾਂ ਉੱਪਰ ਜੋ ਸਮਾਂ ਅਤੇ ਮਿਤੀ ਦਰਜ ਹੋਵੇਗੀ, ਉਮੀਦਵਾਰ ਉਸੇ ਦਿਨ ਹੀ ਭਰਤੀ ਵਾਲੇ ਸਥਾਨ ਤੇ ਜਾਵੇਗਾ।
ਉਹਨਾਂ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੇ ਇਸ ਰੈਲੀ ਲਈ ਅਪਲਾਈ ਕੀਤਾ ਹੋਇਆ ਹੈ, ਉਹ ਮੋਗਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਫੱਕਰ ਬਾਬਾ ਦਾਮੂੰ ਸ਼ਾਹ ਆਰਮੀ/ਪੈਰਾਮਿਲਟਰੀ ਟ੍ਰੇਨਿੰਗ ਸੈਂਟਰ ਲੋਹਾਰਾ, ਮੋਗਾ ਵਿਖੇ ਮੁਫ਼ਤ ਕੋਚਿੰਗ ਲੈ ਸਕਦੇ ਹਨ।ਇਸ ਸੈਂਟਰ ਵਿੱਚ ਲਿਖਤੀ ਅਤੇ ਫਿਜ਼ਿਕਲ ਟੈਸਟ ਦੀ ਤਿਆਰੀ ਮੁਫ਼ਤ ਕਰਵਾਈ ਜਾਂਦੀ ਹੈ।
ਉਨ੍ਹਾਂ ਮੋਗਾ ਜਿਲ੍ਹਾ ਦੇ ਨੌਜਵਾਨਾਂ, ਜਿਹੜੇ ਕਿ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਜਾਂ ਅਜਿਹੀਆਂ ਹੋਰ ਪ੍ਰੀਖਿਆਵਾਂ ਦੀ ਕੋਚਿੰਗ ਮੁਫ਼ਤ ਲੈਣਾ ਚਾਹੁੰਦੇ ਹਨ, ਨੂੰ ਅਪੀਲ ਕੀਤੀ ਕਿ ਉਹ ਫੱਕਰ ਬਾਬਾ ਦਾਮੂੰ ਸ਼ਾਹ ਆਰਮੀ/ਪੈਰਾ ਮਿਲਟਰੀ ਟ੍ਰੇਨਿੰਗ ਸੈਂਟਰ ਦਾ ਵੱਧ ਤੋਂ ਵੱਧ ਲਾਹਾ ਲੈਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਦੇ ਹੈਲਪਲਾਈਨ ਨੰਬਰ 62392-66860 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।