• Tue. Mar 11th, 2025

6 ਸਾਲਾਂ ਤੋਂ ਪਰਾਲੀ ਨੂੰ ਬਿਨਾ ਅੱਗ ਲਾ ਕੇ ਅਗਲੀਆਂ ਫਸਲਾਂ ਬੀਜਣ ਵਾਲਾ ਸਫਲ ਕਿਸਾਨ ਮਨਜਿੰਦਰ ਸਿੰਘ

ByJagraj Gill

Oct 6, 2020

ਜੇਕਰ ਕੁਦਰਤ ਅਤੇ ਵਾਤਾਵਰਣ ਨੂੰ ਬਚਾਉਣ ਦੀ ਮਨ ਵਿੱਚ ਧਾਰੀ ਹੋਵੇ ਤਾਂ ਕਿਸਾਨ ਅੱਗੇ ਕੋਈ ਵੀ ਚੁਣੌਤੀ ਖੜ੍ਹ ਨਹੀਂ ਸਕਦੀ

ਮੋਗਾ, 6 ਅਕਤੂਬਰ

(ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)

ਜਿਲ੍ਹਾ ਮੋਗਾ ਦੇ ਪਿੰਡ ਘੋਲੀਆਂ ਕਲਾਂ ਦਾ 39 ਸਾਲਾਂ ਦਾ ਅਗਾਂਹਵਧੂ ਨੌਜਵਾਨ ਕਿਸਾਨ ਹੈ ਮਨਜਿੰਦਰ ਸਿੰਘ। ਕੁਦਰਤੀ ਸਰੋਤਾਂ ਦੀ ਕਦਰ ਕਰਨ ਦਾ ਗੁਣ ਮਨਜਿੰਦਰ ਨੂੰ ਆਪਣੇ ਵਿਰਸੇ ਵਿੱਚੋਂ ਆਪਣੇ ਪਿਤਾ ਤਰਲੋਚਕ ਸਿੰਘ ਤੋਂ ਮਿਲਿਆ, ਜਿਨਾਂ ਦਾ ਖੇਤੀ ਦਾ ਪਚਵੰਜਾ ਸਾਲ ਦਾ ਲੰਮਾ ਤਜਰਬਾ ਹੈ। ਪ੍ਰਦੂਸ਼ਤ ਹੋ ਰਹੇ ਵਾਤਾਵਰਨ ਤੋਂ ਚਿੰਤਤ ਮਨਜਿੰਦਰ ਪਿਛਲੇ 6 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਆਪਣੀ ਜ਼ਮੀਨ ਵਿੱਚ ਹੀ ਗਾਲ ਕੇ ਧਰਤੀ ਮਾਂ ਨਾਲ ਵਫਾ ਕਮਾ ਰਿਹਾ ਹੈ।ਮਨਜਿੰਦਰ ਦਾ ਕਹਿਣਾ ਹੈ ਕਿ ਜੇਕਰ ਮਨ ਵਿੱਚ ਪਰਾਲੀ ਨੂੰ ਧਰਤੀ ਵਿੱਚ ਹੀ ਗਾਲਣ ਦੀ ਧਾਰਨਾ ਹੋਵੇ ਤਾਂ ਕਿਸਾਨ ਅੱਗੇ ਕੋਈ ਵੀ ਚੁਣੌਤੀ ਖੜ੍ਹ ਨਹੀਂ ਸਕਦੀ।ਮਨਜਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਇਹ ਆਪਣੀ ਝੋਨੇ ਦੀ ਫਸਲ ਐਸ.ਐਮ.ਐਸ ਲੱਗੀ ਕੰਬਾਇਨ ਤੋਂ ਕਟਵਾ ਕੇ ਹਾਈਡ੍ਰੋਲਿਕ ਡਿਸਕਾਂ, ਪਲਾਉ, ਤਵੀਆਂ ਅਤੇ ਰੋਟਾਵੇਟਰ ਵਰਗੇ ਸੰਦਾਂ ਦੀ ਲੋੜ ਅਨੁਸਾਰ ਵਰਤੋਂ ਕਰਕੇ ਆਪਣੇ 32 ਏਕੜ ਰਕਬੇ ਉੱਪਰ ਸਫਲਤਾਪੂਰਵਕ ਕਣਕ ਅਤੇ ਆਲੂ ਦੀ ਕਾਸ਼ਤ ਕਰਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸੇਧ  ਲੈਣ ਵਾਲਾ ਮਨਜਿੰਦਰ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲਿਆਂ ਉੱਤੇ ਵੀ ਉਚੇਚੇ ਤੌਰ ਉੱਤੇ ਪਹੁੰਚਦਾ ਹੈ। ਜਿੱਥੇ ਮਨਜਿੰਦਰ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਇਲਾਕੇ ਦੇ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ ਉੱਥੇ ਮਨਜਿੰਦਰ ਦਾ ਸੁਝਾਅ ਹੈ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਬਣਾਏ ਜਾਂਦੇ ਖੇਤੀ ਸੰਦਾਂ ਦੀਆ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਮਸ਼ੀਨਾਂ ਦੀ ਉਪਲੱਭਧਤਾ ਵੱਧ ਤੋਂ ਵੱਧ ਕਿਸਾਨਾਂ ਤੱਕ ਹੋ ਸਕੇ।ਮਨਜਿੰਦਰ ਦੂਸਰੇ ਕਿਸਾਨਾਂ ਨੂੰ ਵੀ ਇਹੋ ਬੇਨਤੀ ਕਰਦਾ ਹੈ ਕਿ ਸਾਨੂੰ ਵਿਰਾਸਤ ਵਿੱਚ ਮਿਲੇ ਖੂਬਸੂਰਤ ਵਾਤਾਵਰਨ ਨੂੰ ਸੰਭਾਲ ਕੇ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦਾ ਵਾਅਦਾ ਕਰਨਾ ਚਾਹੀਦਾ ਹੈ।

ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਇਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਫਸਲਾਂ ਦੇ ਮਿੱਤਰ ਕੀੜ੍ਹੇ ਖਤਮ ਹੋ ਜਾਂਦੇ ਹਨ। ਜੇਕਰ ਇਹ ਪਰਾਲੀ ਖੇਤ ਵਿੱਚ ਹੀ ਵਾਹ ਦਿੱਤੀ ਜਾਵੇ ਤਾਂ ਇਸ ਨਾਲ ਫਸਲ ਦਾ ਝਾੜ ਵੀ ਜਿਆਦਾ ਆਉਂਦਾ ਹੈ। 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *