ਮੋਗਾ, 15 ਸਤੰਬਰ (ਜਗਰਾਜ ਸਿੰਘ ਗਿੱਲ,ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਤਹਿਤ ਸੂਬੇ ਭਰ ਵਿੱਚ 24 ਸਤੰਬਰ ਤੋਂ 30 ਸਤੰਬਰ ਤੱਕ 6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਵੈਬ ਪੋਰਟਲ ਵਿੱਚ ਤਕਨੀਕੀ ਖ਼ਰਾਬੀ ਆਉਣ ਕਰਕੇ ਨੌਕਰੀ ਦੀ ਤਲਾਸ਼ ਰਹੇ ਨੌਜਵਾਨਾਂ ਨੂੰ ਨੌਕਰੀਆਂ ਲਈ ਅਪਲਾਈ ਕਰਨ ਵਿੱਚ ਕੁਝ ਦਿੱਕਤ ਆ ਰਹੀ ਸੀ। ਉਨਾਂ ਦੱਸਿਆ ਕਿ ਹੁਣ ਤਕਨੀਕੀ ਖਾਮੀ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਵੈਬ ਪੋਰਟਲ www.pgrkam.com ਪੂਰੀ ਤਰਾਂ ਕਾਰਜਸ਼ੀਲ ਹੈ। ਇਸ ਲਈ ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ 6ਵੇਂ ਸੂਬਾ ਪੱਧਰੀ ਰੋਜ਼ਗਾਰ ਮੇਲੇ ਲਈ ਅਪਲਾਈ ਕਰਨ ਦੀ ਤਰੀਕ ਵਧਾ ਦਿੱਤੀ ਗਈ ਹੈ।
ਉਹਨਾਂ ਦੱਸਿਆ ਕਿ ਹੁਣ ਨੌਕਰੀ ਤਲਾਸ਼ ਰਹੇ ਨੌਜਵਾਨ 17 ਸਤੰਬਰ,2020 ਤੱਕ ਵੈਬ ਪੋਰਟਲ ‘ਤੇ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਨੂੰ ਆਨਲਾਈਨ ਅਪਲਾਈ ਕਰਨ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲਾ ਕਾਰੋਬਾਰ ਅਤੇ ਰੋਜ਼ਗਾਰ ਬਿਊਰੋ (ਡੀਬੀਈਈ) ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਜ਼ਿਲਾ ਰੋਜ਼ਗਾਰ ਬਿਊਰੋ ਮੇਲੇ ਲਈ ਅਪਲਾਈ ਲਈ ਉਮੀਦਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ। ਜ਼ਿਲਾ ਬਿਊਰੋ ਦੇ ਦਫ਼ਤਰ ਤੱਕ ਹੈਲਪਲਾਈਨ ਨੰਬਰਾਂ ਦੇ ਜ਼ਰੀਏ ਵੀ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ।
ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਉਮੀਦਵਾਰ ਪੋਰਟਲ ‘ਤੇ ਰਜਿਸਟਰਡ ਤਾਂ ਹਨ ਪਰ ਉਹਨਾਂ ਨੇ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਉਪਲਬਧ ਖਾਲੀ ਅਸਾਮੀਆਂ ਲਈ ਖਾਸ ਤੌਰ ‘ਤੇ ਬਿਨੈ ਨਹੀਂ ਕੀਤਾ, ਉਨਾਂ ਉਮੀਦਵਾਰਾਂ ਲਈ ਵੈਬ ਪੋਰਟਲ ਉੱਤੇ ਉਪਲਬਧ ਖਾਲੀ ਅਸਾਮੀਆਂ ਦੀ ਆਨਲਾਈਨ ਚੋਣ ਕਰਨਾਂ ਜਾਂ ਜ਼ਿਲਾ ਰੋਜ਼ਗਾਰ ਬਿਊਰੋ ਦਫ਼ਤਰ ਨਾਲ ਸੰਪਰਕ ਕਰਕੇ ਅਸਾਮੀਆਂ ਦੀ ਚੋਣ ਕਰਨੀ ਜ਼ਰੂਰੀ ਹੈ।
ਉਹਨਾਂ ਨੇ ਦੱਸਿਆ ਕਿ ਕੋਵੀਡ-19 ਸਬੰਧੀ ਸਿਹਤ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਰੋਜ਼ਗਾਰ ਮੇਲੇ ਵਿਚ ਲੋਕਾਂ ਦੇ ਨਿੱਜੀ ਤੌਰ ‘ਤੇ ਸ਼ਮੂਲੀਅਤ ਨੂੰ ਦੇਖਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਹੈਂਡ ਸੈਨੀਟਾਈਜ਼ਰ ਅਤੇ ਥਰਮਲ ਸਕੈਨਿੰਗ ਤੋਂ ਇਲਾਵਾ ਸਮਾਗਮ ਵਾਲੀ ਥਾਂ ‘ਤੇ ਰੋਗਾਣੂ ਨਾਸ਼ਕ ਦਾ ਛਿੜਕਾਅ ਵੀ ਕੀਤਾ ਜਾਵੇਗਾ। ਇਸ ਲਈ ਨੌਕਰੀ ਦੇ ਚਾਹਵਾਨਾਂ ਨੂੰ ਆਪਣੇ ਸੁਨਹਿਰੀ ਭਵਿੱਖ ਲਈ ਇਸ ਰੁਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।