ਮੋਗਾ 30 ਅਕਤੂਬਰ (ਮਿੰਟੂ ਖੁਰਮੀ ਕੁਲਦੀਪ ਨਿਹਾਲ ਸਿੰਘ ਵਾਲਾ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਰਮਪਿਤ, ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਹੋ ਰਹੇ ਸਮਾਗਮਾਂ ਦੌਰਾਨ ਮੁੱਖ ਪੰਡਾਲ ਅਤੇ ਹੋਰ ਆਸ-ਪਾਸ ਖੇਤਰਾਂ ਵਿੱਚ ਕੂੜਾ ਕਰਕਟ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਵਿਉਤਬੰਦੀ ਉਲੀਕੀ ਜਾ ਰਹੀ ਹੈ। ਇਸ ਕਾਰਜ ਬਾਰੇ ਜਾਣਕਾਰੀ ਦਿੰਦਿਆਂ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਨੇ ਦੱਸਿਆ ਕਿ ਸੰਗਤਾਂ ਦੇ ਭਾਰੀ ਇਕੱਠ ਦੇ ਮੱਦੇਨਜ਼ਰ ਕੂੜਾ ਅਤੇ ਹੋਰ ਵਾਧੂ ਵਸਤਾਂ ਦਾ ਖਿਲਰਣਾ ਸੁਭਾਵਿਕ ਹੈ। ਪ੍ਰੰਤੂ ਸਾਡੇ ਪਵਿੱਤਰ ਸਥਾਨ ਨੂੰ ਸਾਫ ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ। ਜਿਸ ਦੇ ਮੱਦੇ ਨਜ਼ਰ ਖੋਸਾ ਕਲਸਟਰ ਅਤੇ ਪੰਜਾਬ ਦੇ ਹੋਰਨਾਂ ਪਿੰਡਾਂ ਦੀਆਂ ਸੰਗਤਾਂ ਸਮਾਗਮਾਂ ਵਿੱਚ ਸਾਫ ਸਫਾਈ ਕਰਨ ਹਿੱਤ ਆਪਣਾ ਯੋਗਦਾਨ ਪਾਉਣਗੀਆਂ।
ਵਾਤਾਵਰਣ ਮਾਹਿਰ ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਕਿਹਾ ਕਿ ਬਾਬੇ ਨਾਨਕ ਦੇ ਹੋ ਰਹੇ ਸਮਾਗਮਾਂ ਦੌਰਾਨ ਸ਼ਮੂਲੀਅਤ ਕਰਦੇ ਹੋਏ ਕੋਈ ਵੀ ਕਦਮ ਅਜਿਹਾ ਨਹੀ ਪੁੱਟਣਾ ਚਾਹੀਦਾ ਜਿਸ ਨਾਲ ਸਾਡੀ ਹਰਿਆਵਲੀ ਧਰਤ ਕੂੜੇਦਾਨ ਦਾ ਰੂਪ ਧਾਰਨ ਕਰੇ। ਸਗੋ ਇਕੱਲੀ ਧਰਤੀ ਹੀ ਨਹੀ ਬਲਕਿ ਸਾਡੀਆਂ ਪੌਣਾ ਜ਼ਹਿਰਾਂ ਰਹਿਤ ਰਹਿਣ ਅਤੇ ਪਾਣੀ ਪਲੀਤ ਨਾ ਹੋਵੇ। ਇਸ ਕਾਰਜ ਤਹਿਤ ਸਮਾਗਮਾਂ ਦੇ ਦਿਨੀ ਰੋਜਾਨਾ ਦੇ ਦੋ ਸੌ ਦੇ ਕਰੀਬ ਸੰਗਤਾਂ ਦਾ ਜੱਥਾ ਸਵੇਰ ਤੋ ਸ਼ਾਮ ਤੱਕ ਸਾਫ ਸਫ਼ਾਈ ਦੇ ਕਾਰਜਾਂ ਵਿੱਚ ਯੋਗਦਾਨ ਪਾਇਆ ਕਰੇਗਾ।
ਸੰਤ ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸੁੱਭ ਕੰਮ ਦਾ ਹਿੱਸਾ ਬਣਨ ਲਈ ਚਾਹਵਾਨ ਵੀਰ ਭੈਣਾਂ ਸ. ਸਤਵੀਰ ਸਿੰਘ ਟੋਨੀ (7009883627) ਜਾਂ ਪਰਮਿੰਦਰ ਸਿੰਘ (9855076677) ਨੂੰ ਸੰਪਰਕ ਕਰ ਸਕਦੀਆਂ ਹਨ।