ਰੁੱਖ ਸਾਡੀ ਜਿੰਦਗੀ ਦੀਆਂ ਭੋਜਨ ਅਤੇ ਆਕਸੀਜਨ ਵਰਗੀਆਂ ਮੁੱਖ ਲੋੜਾਂ ਨੂੰ ਪੂਰਾ ਕਰਦੇ ਹਨ-ਪ੍ਰਭਦੀਪ ਸਿੰਘ
ਮੋਗਾ 23 ਜੂਨ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਦੇ ”ਮਿਸ਼ਨ ਤੰਦਰੁਸਤ ਪੰਜਾਬ” ਅਤੇ ”ਨਵਾਂ ਨਰੋਆ ਪੰਜਾਬ” ਤਹਿਤ ਜ਼ਿਲ੍ਹਾ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਆਪਣੇ ਪੱਧਰ ਤੇ ਢੁੱਕਵੀਆਂ ਜਗ੍ਹਾ ਤੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾ ਰਹੇ ਹਨ ਤਾਂ ਕਿ ਜ਼ਿਲ੍ਹਾ ਮੋਗਾ ਨੂੰ ਹੋਰ ਹਰਿਆ ਭਰਿਆ ਬਣਾਇਆ ਜਾ ਸਕੇ ਅਤੇ ਵਾਤਾਵਰਨ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸ੍ਰੀ ਪ੍ਰਭਦੀਪ ਸਿੰਘ ਨੱਥੋਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫਲਦਾਰ ਪੌਦੇ ਲਗਾਉਣ ਸਮੇਂ ਕੀਤਾ। ਇਸ ਸਮੇਂ ਉਨ੍ਹਾਂ ਨਾਲ ਦਫ਼ਤਰ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ। ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਮੋਗਾ ਦੇ ਸਮੂਹ ਸਟਾਫ਼ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਢੁੱਕਵੀਆਂ ਥਾਵਾਂ ਤੇ ਫਲਦਾਰ ਪੌਦੇ ਲਗਾਏ। ਉਨ੍ਹਾਂ ਕਿਹਾ ਕਿ ਰੁੱਖ ਸਾਡੀ ਹੋਂਦ ਲਈ ਬਹੁਤ ਮਹੱਤਵਪੂਰਨ, ਕੀਮਤੀ ਅਤੇ ਜਰੂਰੀ ਹਨ ਕਿਉਂਕਿ ਰੁੱਖਾਂ ਨੇ ਸਾਡੀ ਜਿੰਦਗੀ ਦੀਆਂ ਦੋ ਜ਼ਰੂਰੀ ਚੀਜ਼ਾਂ ਸਾਨੂੰ ਦਿੱਤੀਆਂ ਹਨ ਭੋਜਨ ਅਤੇ ਆਕਸੀਜਨ। ਮੂਲ ਰੂਪ ਵਿੱਚ ਸਾਨੂੰ ਜਿੰਦਾ ਰੱਖਣ ਤੋਂ ਇਲਾਵਾ ਬਹੁਤ ਸਾਰੇ ਹੋਰ ਛੋਟੇ ਅਤੇ ਵੱਡੇ ਲਾਭ ਸਾਨੂੰ ਰੁੱਖਾਂ ਤੋਂ ਹੀ ਮਿਲਦੇ ਹਨ। ਇਸ ਲਈ ਰੁੱਖ ਸਾਰੇ ਜੀਵਾਂ ਦੇ ਬਚਾਅ ਲਈ ਮਹੱਤਵਪੂਰਨ ਸਰੋਤ ਹਨ।
ਰੁੱਖਾਂ ਦੀ ਆਕਸੀਜਨ ਅਤੇ ਗਲੋਬਲ ਵਾਰਮਿੰਗ ਵਿੱਚ ਮਹੱਤਵਪੂਰਨ ਯੋਗਦਾਨ ਬਾਰੇ ਦੱਸਦਿਆਂ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਰੁੱਖ ਹਵਾ ਤੋਂ ਕਾਰਬਨ ਡਾਈਆਕਸਾਈਡ ਲੈਂਦੇ ਹਨ ਅਤੇ ਸਾਡੀ ਜੀਵਨ ਸਹਾਇਤਾ ਲਈ ਤਾਜ਼ਾ ਆਕਸੀਜਨ ਬਾਹਰ ਕੱਢਦੇ ਹਨ। ਇਹ ਚੱਕਰ ਕੁਦਰਤ ਦੁਆਰਾ ਦੂਸਰੇ ਜੀਵਾਂ ਨੂੰ ਕਾਇਮ ਰੱਖਣ ਲਈ ਬਣਾਇਆ ਗਿਆ ਹੈ। ਰੁੱਖ ਗਲੋਬਲ ਫਾਰਮਿੰਗ ਦਾ ਪ੍ਰਭਾਵ ਘੱਟ ਕਰਨ ਵਿੱਚ ਅਤਿ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰੁੱਖ ਦਵਾਈਆਂ ਦਾ ਇੱਕ ਅਮੀਰ ਸਰੋਤ ਵੀ ਹਨ ਜੋ ਸਾਡੀ ਬਿਮਾਰੀ ਨੂੰ ਕੁਦਰਤੀ ਤਰੀਕੇ ਨਾਲ ਠੀਕ ਕਰਨ ਵਿੱਚ ਵਰਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਰੁੱਖਾਂ ਦੀ ਹਰਿਆਲੀ ਅਤੇ ਤਾਜ਼ਗੀ ਸਾਡੇ ਮਾਨਸਿਕ ਤਣਾਅ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ ਇਹ ਵਾਤਾਵਰਨ ਵਿੱਚ ਸਾਕਾਰਤਮਕ ਵਾਈਬ੍ਰੇਸ਼ਨ ਪੈਦਾ ਕਰਦੀ ਹੈ ਜੋ ਮਨੁੱਖੀ ਮਾਨਸਿਕ ਸਿਹਤ ਲਈ ਬੜੀ ਲਾਭਦਾਇਕ ਸਿੱਧ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵੱਲੋਂ ਲਗਾਏ ਗਏ ਰੁੱਖਾਂ ਦਾ ਚੰਗਾ ਇਲਾਜ ਅਤੇ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਅਤੇ ਇਸ ਬਾਰੇ ਦੂਸਰਿਆਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਸਾਡੀ ਆਪਣੀ ਬਿਹਤਰੀ ਲਈ ਹੀ ਹੈ ਅਤੇ ਜਿੰਨੀ ਜਲਦੀ ਅਸੀਂ ਇਸ ਨੂੰ ਸਮਝ ਲਵਾਂਗੇ ਸਾਡੇ ਲਈ ਉਨਾਂ ਹੀ ਬਿਹਤਰ ਹੋਵੇਗਾ।
ਇਸ ਸਮੇਂ ਉਨ੍ਹਾਂ ਨਾਲ ਸੀਨੀਅਰ ਸਹਾਇਕ ਸਰਬਜੀਤ ਕੌਰ, ਕਲਰਕ ਪਰਗਟ ਸਿੰਘ ਅਤੇ ਹਰਪ੍ਰੀਤ ਕੌਰ, ਸਟੈਨੋਟਾਈਪਿਸਟ ਸੇਵਜੀਤ ਕੌਰ, ਨਿਸ਼ਾਨ ਸਿੰਘ ਅਤੇ ਸੁਖਮੰਦਰ ਸਿੰਘ ਹਾਜ਼ਰ ਸਨ।