ਕਿਹਾ! ਕਿਸਾਨ ਹਫ਼ੜਾ ਦਫ਼ੜੀ ਨਾ ਮਚਾਉਣ, ਹਰੇਕ ਕਿਸਾਨ ਨੂੰ ਉਸਦੀ ਲੋੜ ਮੁਤਾਬਿਕ ਖਾਦ ਮਿਲੇਗੀ
ਮੋਗਾ, 27 ਨਵੰਬਰ (ਜਗਰਾਜ ਸਿੰਘ ਗਿੱਲ)
ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਤੋਂ ਬਾਅਦ ਰੇਲਗੱਡੀਆਂ ਦੀ ਆਵਾਜਾਈ ਵਿੱਚ ਕਰੀਬ 2 ਮਹੀਨੇ ਤੋਂ ਬਣੀ ਹੋਈ ਖੜੋਤ ਮੁੱਕ ਗਈ ਹੈ ਅਤੇ ਇਸਦੇ ਨਾਲ ਹੀ ਜਲ੍ਹਿਾ ਮੋਗਾ ਵਿੱਚ ਯੂਰੀਆ ਅਤੇ ਹੋਰ ਖਾਦਾਂ ਦੀ ਕਮੀ ਵੀ ਨਹੀਂ ਰਹੇਗੀ।
ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਕੁੱਲ 1.75 ਲੱਖ ਹੈਕਟੇਅਰ ਰਕਬੇ ਉਪਰ ਕਣਕ ਦੀ ਬਿਜਾਈ ਕੀਤੀ ਗਈ ਹੈ ਜਿਸ ਲਈ 66 ਹਜਾਰ ਮੀਟ੍ਰਿਕ ਟਨ ਯੂਰੀਆ ਅਤੇ 24500 ਮੀਟ੍ਰਿਕ ਟਨ ਡੀ ਏ ਪੀ ਖਾਦ ਦੀ ਜਰੂਰਤ ਹੈ। ਇਹ ਜਰੂਰਤ ਵੀ ਹੁਣ ਦਸੰਬਰ ਮਹੀਨੇ ਵਿੱਚ ਪਵੇਗੀ।
ਉਹਨਾਂ ਕਿਹਾ ਕਿ ਰੇਲਾਂ ਬਹਾਲ ਹੋਣ ਨਾਲ 66 ਹਜਾਰ ਮੀਟ੍ਰਿਕ ਟਨ ਯੂਰੀਆ ਵਿੱਚੋਂ ਜ਼ਿਲਾ ਮੋਗਾ ਵਿਚ 33 ਹਜਾਰ ਮੀਟ੍ਰਿਕ ਟਨ ਯੂਰੀਆ ਪਹੁੰਚ ਚੁੱਕਾ ਹੈ। ਜਦਕਿ 33 ਹਜਾਰ ਮੀਟ੍ਰਿਕ ਟਨ ਯੂਰੀਆ ਵੀ ਜਲਦ ਹੀ ਪਹੁੰਚ ਜਾਵੇਗਾ। ਇਸੇ ਤਰ੍ਹਾਂ ਡੀ ਏ ਪੀ ਖਾਦ ਵੀ 16000 ਮੀਟ੍ਰਿਕ ਟਨ ਤੋਂ ਵਧੇਰੇ ਉਪਲੱਬਧ ਹੋ ਚੁੱਕੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਫ਼ੜਾ ਦਫ਼ੜੀ ਨਾ ਮਚਾਉਣ। ਹਰੇਕ ਕਿਸਾਨ ਨੂੰ ਉਸਦੀ ਲੋੜ ਮੁਤਾਬਿਕ ਖਾਦ ਮਿਲੇਗੀ। ਇਸ ਸਬੰਧੀ ਜ਼ਿਲ੍ਹਾ ਪ੍ਰਸਾਸਨ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਖਾਦਾਂ ਸਬੰਧੀ ਦਿੱਕਤਾਂ ਦਰਪੇਸ਼ ਸਨ ਪਰ ਹੁਣ ਰੇਲਗੱਡੀਆਂ ਚੱਲਣ ਸਦਕਾ ਹਾਲਾਤ ਆਮ ਵਰਗੇ ਹੋਣ ਲੱਗੇ ਹਨ ਅਤੇ ਖਾਦਾਂ ਸਬੰਧੀ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਦੂਜੇ ਪਾਸੇ ਇਸ ਸਬੰਧੀ ਸਰਕਾਰਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਸਬੰਧੀ ਲਏ ਗਏ ਫੈਸਲਿਆਂ ਦੀ ਸਮਾਜ ਦੇ ਵੱਖ ਵੱਖ ਹਿੱਸਿਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਿਸੇਸ਼ ਯਤਨਾਂ ਅਤੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਦੇ ਫੈਸਲੇ ਸਦਕਾ ਸੂਬੇ ਵਿੱਚ ਰੇਲਗੱਡੀਆਂ ਦੀ ਆਵਾਜਾਈ ਬਹਾਲ ਹੋ ਗਈ ਹੈ। ਜਿਨ੍ਹਾਂ ਜ਼ਰੀਏ ਖਾਦਾਂ ਪੰਜਾਬ ਵਿੱਚ ਆਉਣ ਲੱਗੀਆਂ ਹਨ ਅਤੇ ਪੰਜਾਬ ਵਿੱਚੋਂ ਚੌਲ ਅਤੇ ਹੋਰ ਫਸਲਾਂ ਹੋਰਨਾਂ ਸੂਬਿਆਂ ਨੂੰ ਜਾਣ ਲੱਗੀਆਂ ਹਨ। ਪੰਜਾਬ ਵਿੱਚ ਤਿਆਰ ਹੋਏ ਚੌਲ ਹੋਰਨਾਂ ਸੂਬਿਆਂ ਨੂੰ ਭੇਜੇ ਜਾਣ ਸਦਕਾ ਸ਼ੈਲਰ ਸ਼ਨਅਤ ਨੂੰ ਵੱਡੀ ਰਾਹਤ ਮਿਲੀ ਹੈ। ਅਨਾਜ਼ ਦੀ ਢੋਆ-ਢੁਆਈ ਸ਼ੁਰੂ ਹੋਣ ਨਾਲ ਹਾਲ ਹੀ ਵਿੱਚ ਝੋਨੇ ਨੂੰ ਰੱਖਣ ਲਈ ਜਗ੍ਹਾ ਬਣ ਰਹੀ ਹੈ ਅਤੇ ਝੋਨਾ ਸਾਂਭਣ ਸਬੰਧੀ ਕੋਈ ਦਿੱਕਤ ਨਹੀਂ ਆਵੇਗੀ।