ਯੂ.ਡੀ.ਆਈ.ਡੀ. ਕਾਰਡ ਵਾਲੇ ਦਿਵਿਯਾਂਗ ਵਿਅਕਤੀਆਂ ਨੂੰ ਮੁਫ਼ਤ ਮਿਲਣਗੇ ਬਨਾਉਟੀ ਅੰਗ ਅਤੇ ਸਹਾਇਤਾ ਸਮੱਗਰੀ
ਵੱਧ ਤੋਂ ਵੱਧ ਯੋਗ ਦਿਵਿਆਂਗਜਨਾਂ ਨੂੰ ਲਾਹਾ ਦਿਵਾਉਣ ਲਈ ਡੀ.ਸੀ. ਵੱਲੋਂ ਐਨ.ਜੀ.ਓ.ਜ਼ ਤੋਂ ਸਹਿਯੋਗ ਦੀ ਮੰਗ
ਮੋਗਾ, 24 ਜੂਨ (ਗੁਰਪਾਸ਼ਾਦ ਸਿੰਘ ਸਿੱਧੂ)
ਜ਼ਿਲ੍ਹਾ ਪ੍ਰਸ਼ਾਸ਼ਨ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਸਰੀਰਕ ਤੌਰ ਉੱਤੇ ਅਪਾਹਜ ਵਿਅਕਤੀਆਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਮੋਗਾ ਵਿੱਚ ਪੰਜ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਹ ਕੈਂਪ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਤਹਿਤ ਲਗਵਾਏ ਜਾਣਗੇ।
ਰਜਿਸਟ੍ਰੇਸ਼ਨ ਕੈਂਪਾਂ ਦੀਆਂ ਤਰੀਕਾਂ ਅਤੇ ਸਥਾਨਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ 4 ਜੁਲਾਈ ਨੂੰ ਸ੍ਰੀ ਸੱਤਿਆ ਸਾਂਈਂ ਮੁਰਲੀਧਰ ਆਯੁਰਵੈਦਿਕ ਕਾਲਜ, ਦੁੱਨੇਕੇ (ਮੋਗਾ) ਵਿਖੇ, 5 ਜੁਲਾਈ ਨੂੰ ਬਾਘਾਪੁਰਾਣਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ, 6 ਜੁਲਾਈ ਨੂੰ ਨਿਹਾਲ ਸਿੰਘ ਵਾਲਾ ਦੀ ਅਗਰਵਾਲ ਧਰਮਸ਼ਾਲਾ ਵਿਖੇ, 7 ਜੁਲਾਈ ਨੂੰ ਧਰਮਕੋਟ ਦੇ ਦਫ਼ਤਰ ਮਿਉਂਸੀਪਲ ਕਾਊਂਸਲ ਵਿਖੇ ਅਤੇ 8 ਜੁਲਾਈ ਨੂੰ ਫ਼ਤਹਿਗੜ੍ਹ ਪੰਜਤੂਰ ਦੇ ਮਿਉਂਸੀਪਲ ਕਾਊਂਸਲ ਦਫ਼ਤਰ ਵਿਖੇ ਇਹ ਕੈਂਪ ਆਯੋਜਿਤ ਕੀਤੇ ਜਾਣਗੇ।ਇਨ੍ਹਾਂ ਕੈਂਪਾਂ ਵਿੱਚ ਅਲਿਮਕੋ ਦੇ ਮਾਹਿਰ ਡਾਕਟਰ ਯੋਗ ਲਾਭਪਾਤਰੀਆਂ ਦੀ ਅਸੈਸਮੇਂਟ ਕਰਨਗੇ। ਇਹਨਾਂ ਕੈਂਪਾਂ ਦਾ ਲਾਭ ਲੈਣ ਲਈ ਲਾਭਪਾਤਰੀ ਕੋਲ ਯੂ. ਡੀ. ਆਈ. ਡੀ. ਕਾਰਡ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਹੋਵੇਗਾ।
ਸਕੀਮ ਦਾ ਲਾਭ ਲੈਣ ਲਈ ਸੀ.ਐਚ.ਸੀ. ਸੈਂਟਰਾਂ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ ਚਾਹਵਾਨ ਦਿਵਿਆਂਗ ਵਿਅਕਤੀ ਆਪਣੇ ਆਧਾਰ ਕਾਰਡ ਦੀ ਕਾਪੀ, ਇੱਕ ਪਾਸਪੋਰਟ ਸਾਈਜ਼ ਫੋਟੋ, ਦਿਵਿਆਂਗਜਨ ਸਰਟੀਫਿਕੇਟ, ਆਮਦਨ ਸਰਟੀਫਿਕੇਟ ਦਸਤਾਵੇਜ਼ ਲੈ ਕੇ ਨੇੜੇ ਦੇ ਸੀ.ਐਚ.ਸੀ. ਸੈਂਟਰਾਂ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਹਨਾਂ ਕੈਂਪਾਂ ਦਾ ਲਾਭ ਲੈਣ ਲਈ ਯੋਗ ਵਿਅਕਤੀ ਦਾ ਦੇਸ਼ ਦਾ ਨਾਗਰਿਕ ਹੋਣ ਦੇ ਨਾਲ ਨਾਲ 40 ਫੀਸਦੀ ਅਪੰਗਤਾ ਸਰਟੀਫਿਕੇਟ ਧਾਰਕ ਹੋਣਾ ਲਾਜ਼ਮੀ ਹੈ। ਉਸਦੀ ਜਾਂ ਉਸਦੇ ਪਰਿਵਾਰ ਦੀ ਪ੍ਰਤੀ ਮਹੀਨਾ ਆਮਦਨ 22 ਹਜ਼ਾਰ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਲਾਭਪਾਤਰੀ ਨੇ ਪਿਛਲੇ 3 ਸਾਲਾਂ ਦੌਰਾਨ ਅਜਿਹੀ ਕੋਈ ਸਹਾਇਤਾ ਨਹੀਂ ਲਈ ਹੋਣੀ ਚਾਹੀਦੀ ਹੈ।
ਇਹਨਾਂ ਕੈਂਪਾਂ ਦੌਰਾਨ ਯੋਗ ਵਿਅਕਤੀਆਂ ਨੂੰ ਮੋਟਰਰਾਈਜ਼ਡ ਟ੍ਰਾਈਸਾਈਕਲ, ਟ੍ਰਾਈਸਾਈਕਲ ਚਾਈਲਡ, ਟ੍ਰਾਈਸਾਈਕਲ ਅਡਲਟ, ਵ੍ਹੀਲ ਚੇਅਰ ਚਾਈਲਡ, ਵ੍ਹੀਲ ਚੇਅਰ ਅਡਲਟ, ਐਮ.ਐਸ.ਆਈ.ਈ.ਡੀ. ਕਿੱਟ, ਬੀ.ਟੀ. ਈ, ਕੰਨ ਦੀ ਮਸ਼ੀਨ, ਸਮਾਰਟਫੋਨ, ਐਲਬੋਵ ਕਲੱਚ ਲਾਰਜ, ਕਲੱਚ ਸਮਾਲ, ਕਲੱਚ ਲਾਰਜ, ਕਲੱਚ ਮੀਡੀਅਮ, ਵਾਕਿੰਗ ਸਟਿੱਕ, ਰੋਲੇਟਰ ਅਡਲਟ, ਸੀ.ਪੀ. ਚੇਅਰ, ਬਨਾਉਟੀ ਅੰਗ ਅਤੇ ਕਲਿੱਪਰ ਆਦਿ ਬਿਲਕੁਲ ਮੁਫ਼ਤ ਦੇਣ ਲਈ ਅਸਿਸਮੈਂਟ ਕੀਤੀ ਜਾਵੇਗੀ।
ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਵੱਖ ਵੱਖ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਵੇਂ ਕਿ ਮੋਗਾ ਨਾਲ ਸਬੰਧਤ ਕੈਂਪ ਲਈ 94789-18163, ਬਾਘਾਪੁਰਾਣਾ ਲਈ 8289017116, ਨਿਹਾਲ ਸਿੰਘ ਵਾਲਾ ਲਈ 9915600486, ਧਰਮਕੋਟ ਅਤੇ ਫਤਹਿਗੜ੍ਹ ਪੰਜਤੂਰ ਲਈ 99154-90000 ਨੰਬਰ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਇਨ੍ਹਾਂ ਕੈਂਪਾਂ ਦਾ ਲਾਭ ਵੱਧ ਤੋਂ ਵੱਧ ਦਿਵਿਆਂਗਜਨਾਂ ਤੱਕ ਪੁੱਜਦਾ ਕਰਨ ਲਈ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਦੀਆਂ ਪ੍ਰੁਮੁੱਖ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕਰਕੇ ਸਹਿਯੋਗ ਦੀ ਮੰਗ ਵੀ ਕੀਤੀ। ਇਸ ਮੀਟਿੰਗ ਵਿੱਚ ਪਿਰਾਮਿਲ ਫਾਊਂਡੇਸ਼ਨ ਦੇ ਨੁਮਾਇੰਦੇ ਅਤੇ ਐਨ.ਜੀ.ਓ. ਐਸ.ਕੇ. ਬਾਂਸਲ ਵੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਡਾ. ਕਿਰਤਪ੍ਰੀਤ ਕੌਰ ਨੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਵਿੱਚ ਸਮਾਜਸੇਵੀ ਸੰਸਥਾਵਾਂ ਦਿਵਿਆਂਗਜਨਾਂ ਦੀ ਕਿਸ ਤਰ੍ਹਾਂ ਮੱਦਦ ਕਰ ਸਕਦੀਆਂ ਹਨ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ। ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਵਾਉਣਗੇ।