ਮੋਗਾ, 16 ਸਤੰਬਰ (ਜਗਰਾਜ ਸਿੰਘ ਗਿੱਲ)
ਸ਼ਹਿਰ ਵਿਚ ਘੁੰਮਦੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਨਗਰ ਨਿਗਮ ਮੋਗਾ ਨੇ ਸਥਾਨਕ ਬੁੱਕਣ ਵਾਲਾ ਰੋਡ ਉੱਤੇ ਐਨੀਮਲ ਬਰਥ ਕੰਟਰੋਲ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਤੋ ਨਿਜਾਤ ਮਿਲੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਦਰਸ਼ੀ ਨੇ ਦੱਸਿਆ ਕਿ ਇਸ ਕੰਮ ਲਈ ਮੱਧ ਪ੍ਰਦੇਸ਼ ਦੀ ਭਿੰਡੀ ਰਿਸ਼ੀ ਪਸ਼ੂ ਕੰਪਨੀ ਨਾਲ ਨਗਰ ਨਿਗਮ ਵੱਲੋਂ ਇਕਰਾਰ ਕੀਤਾ ਗਿਆ ਹੈ। ਇਕਰਾਰ ਤਹਿਤ ਕੰਪਨੀ ਵਲੋਂ ਸ਼ਹਿਰ ਵਿਚ ਘੁੰਮਦੇ ਅਵਾਰਾ ਕੁੱਤਿਆਂ ਨੂੰ ਫੜ੍ਹਿਆ ਜਾਂਦਾ ਹੈ ਅਤੇ ਨਸਬੰਦੀ ਕਰਨ ਉਪਰੰਤ ਮੁੜ ਉਥੇ ਹੀ ਛੱਡਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸ਼ਹਿਰ ਵਿੱਚ ਘੁੰਮਦੇ ਤਕਰੀਬਨ 300 ਕੁੱਤੇ/ਕੁੱਤੀਆਂ ਦੀ ਨਸਬੰਦੀ/ਨਲਬੰਦੀ ਕੀਤੀ ਜਾ ਚੁੱਕੀ ਹੈ।
ਉਹਨਾਂ ਕਿਹਾ ਕਿ ਇਸ ਸੈਂਟਰ ਵਿਚ 30 ਘੁਰਨੇ ਬਣਾਏ ਗਏ ਹਨ। ਕੰਪਨੀ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਕੁੱਤੇ ਫੜ੍ਹੇ ਜਾ ਰਹੇ ਹਨ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੁੱਤਿਆਂ ਦੇ ਗਲਾਂ ਵਿੱਚ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਏ ਟੋਕਣ ਲਗਾ ਕੇ ਰੱਖਣ ਤਾਂ ਜ਼ੋ ਭਵਿੱਖ ਵਿੱਚ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਜੇਕਰ ਕੋਈ ਵਿਅਕਤੀ ਡੌਗ ਕੈਚਿੰਗ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ਼੍ਰੀਮਤੀ ਦਰਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਲਤੂ ਕੁੱਤਿਆਂ ਦੀ ਨਗਰ ਨਿਗਮ ਕੋਲ ਰਜਿਸਟਰੇਸ਼ਨ ਕਰਵਾ ਲੈਣ ਤਾਂ ਜੌ ਉਹਨਾਂ ਨੂੰ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਇਸ ਸਬੰਧੀ ਨਗਰ ਨਿਗਮ ਦੇ ਮੁੱਖ ਸੇਨੇਟਰੀ ਇੰਸਪੈਕਟਰ ਬਿਕਰਮ ਸਿੰਘ (8288998189) ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਨੂੰ ਅਵਾਰਾ ਕੁੱਤਿਆਂ ਬਾਰੇ ਸਮੱਸਿਆ ਹੈ ਤਾਂ ਉਹ ਸੈਨੇਟਰੀ ਇੰਸਪੈਕਟਰ ਅਮਰਜੀਤ ਸਿੰਘ (9780042462) ਨਾਲ ਸੰਪਰਕ ਕਰ ਸਕਦੇ ਹਨ।