–ਕਮਿਸ਼ਨਰ ਨਗਰ ਨਿਗਮ ਨੇ ਟਰੇਡ ਲਾਇਸੰਸ ਫ਼ੀਸ ਨੂੰ ਨਿਯਮ ਮਿਤੀ ਤੱਕ ਭਰ ਕੇ ਭਾਰੀ ਜੁਰਮਾਨੇ ਤੋਂ ਬਚਣ ਦੀ ਕੀਤੀ ਅਪੀਲ
ਮੋਗਾ, 9 ਸਤੰਬਰ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀ ਸੁਰਿੰਦਰ ਸਿੰਘ ਨੇ ਆਮ ਜਨਤਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟਰੇਡ ਲਾਇਸੰਸ ਫੀਸ ਨੂੰ ਸਮੇਂ ਸਿਰ ਭਰਨ ‘ਤੇ ਛੋਟ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਟਰੇਡ ਲਾਇਸੰਸ ਫ਼ੀਸ ਭਰਨ ਦੀ ਆਖਰੀ ਮਿਤੀ 30 ਸਤੰਬਰ 2021 ਨਿਸ਼ਚਿਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮਿਤੀ ਤੋਂ ਬਾਅਦ ਟਰੇਡ ਲਾਇਸੰਸ ਫੀਸ ਭਰਨ ਉੱਪਰ ਜੁਰਮਾਨਾ ਵਸੂਲਿਆ ਜਾਵੇਗਾ। 1 ਅਕਤੂਬਰ 2021 ਤੋਂ 31 ਦਸੰਬਰ 2021 ਤੱਕ 25 ਫੀਸਦੀ ਅਤੇ 1 ਜਨਵਰੀ, 2022 ਤੋਂ 31 ਮਾਰਚ 2022 ਤੱਕ 50 ਫੀਸਦੀ ਜੁਰਮਾਨੇ ਨਾਲ ਟਰੇਡ ਲਾਇਸੰਸ ਫੀਸ ਵਸੂਲ ਕੀਤੀ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਮੋਗਾ ਨੇ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਆਉਂਦੇ ਦੁਕਾਨਦਾਰ, ਫੈਕਟਰੀ ਮਾਲਕ, ਸ਼ਰਾਬ ਦੇ ਠੇਕੇਦਾਰ, ਪ੍ਰਾਈਵੇਟ ਹਸਪਤਾਲ, ਬੈਂਕ, ਹੋਟਲ, ਢਾਬਾ, ਕਰਿਆਨਾ, ਮੈਰਿਜ ਪੈਲਸ ਮਾਲਕਾਂ, ਕੱਪੜੇ ਦੀਆਂ ਦੁਕਾਨਾਂ ਦੇ ਮਾਲਕ, ਹਰ ਤਰਾਂ ਦੇ ਫਰਨੀਚਰ ਆਦਿ ਦੁਕਾਨਦਾਰਾਂ ਅਤੇ ਹਰ ਤਰਾਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਿਯਤ ਮਿਤੀ ਤੋਂ ਪਹਿਲਾਂ ਆਪਣੀ ਬਣਦੀ ਟਰੇਡ ਲਾਇਸੰਸ ਫੀਸ ਜਮ੍ਹਾਂ ਕਰਵਾ ਕੇ ਭਾਰੀ ਜੁਰਮਾਨੇ ਤੋਂ ਬਚਣ।
ਸ੍ਰੀ ਸੁਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਵਿੱਤੀ ਸਾਲ ਖਤਮ ਹੋਣ ਤੋਂ ਬਾਅਦ ਸੌ ਫ਼ੀਸਦੀ ਜੁਰਮਾਨੇ ਨਾਲ ਟਰੇਡ ਲਾਇਸੰਸ ਫੀਸ ਵਸੂਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧ ਵਿੱਚ ਕੋਈ ਵੀ ਜਰੂਰੀ ਜਾਣਕਾਰੀ ਲੈਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਹ ਕਿਸੇ ਵੀ ਦਫ਼ਤਰੀ ਕੰਮਕਾਜ ਵਾਲੇ ਦਿਨ ਦਫ਼ਤਰ ਨਗਰ ਨਿਗਮ ਮੋਗਾ ਵਿਖੇ ਸੰਪਰਕ ਕਰ ਸਕਦੇ ਹਨ