May 24, 2024

ਮੋਗਾ ਵਿੱਚ ਪਰਾਲੀ ਸਾੜਨ ਵਾਲੇ 14 ਕਿਸਾਨਾਂ ਦੇ ਹੋਰ ਕੱਟੇ ਗਏ ਚਲਾਨ

1 min read

ਮੋਗਾ, 29 ਅਕਤੂਬਰ ( ਮਿੰਟੂ ਖੁਰਮੀ) ਪੰਜਾਬ ਸੂਬੇ ਨੂੰ ਜੀਰੋ ਪਰਾਲੀ ਸਾੜਨ ਵਾਲਾ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਵੱਲੋ ਪਰਾਲੀ ਸਾੜਨ ਨੂੰ ਰੋਕਣ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੋਗਾ ਵੱਲੋ ਜ਼ਿਲ੍ਹਾ ਵਿੱਚ ਪਰਾਲੀ ਸਾੜਨ ਵਾਲੇ 14 ਕਿਸਾਨਾਂ ਦੇ ਚਲਾਨ ਕੱਟੇ ਗਏ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਖਤੂਪੁਰਾ ਦੇ ਕਿਸਾਨ ਰਾਮਬਖਸ਼ ਸਿੰਘ, ਹਰਭਜਨ ਸਿੰਘ, ਕੋਕਰੀ ਬੁੱਟਰਾਂ ਦੇ ਕਿਸਾਨ ਗੁਰਦੇਵ ਸਿੰਘ, ਫ਼ਤਹਿਗੜ• ਕੋਰੋਟਾਣਾ ਦੇ ਪ੍ਰੀਤਮ ਸਿੰਘ, ਰਾਮਾਂ ਪਿੰਡ ਦੇ ਕਿਸਾਨ ਜੀਤਾ ਸਿੰਘ ਅਤੇ ਸਿੰਘਾਂਵਾਲਾ ਦੇ ਕਿਸਾਨ ਸੁਖਵਿੰਦਰ ਸਿੰਘ ਜਿਹੜੇ ਕਿ ਦੋ ਜਾਂ ਦੋ ਤੋ ਘੱਟ ਏਕੜ ਜ਼ਮੀਨ ਦੇ ਮਾਲਕ ਹਨ ਦੇ 2500-2500 ਰੁਪਏ ਦੇ ਚਲਾਨ ਕੀਤੇ ਗਏ। ਉਥੇ ਹੀ ਫਤਹਿਗੜ• ਕੋਰੋਟਾਣਾ ਦੇ ਕਿਸਾਨ ਦਰਸ਼ਨ ਸਿੰਘ, ਨਵਪ੍ਰੀਤ ਸਿੰਘ, ਖੜਕੂ ਸਿੰਘ, ਸਿੰਦਰ ਸਿੰਘ, ਗੁਰਚਰਨ ਸਿੰਘ ਜਿਨ੍ਹਾਂ ਕੋਲ 3 ਏਕੜ ਤੋ ਵੱਧ ਜ਼ਮੀਨ ਹੈ ਨੂੰ 5-5 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਜਦਕਿ ਮਹਿਰੋ ਪਿੰਡ ਦੇ ਕਿਸਾਨ ਗੁਰਦੇਵ ਸਿੰਘ, ਗੁਰਦੇਵ ਸਿੰਘ ਅਤੇ ਰਾਮਾ ਪਿੰਡ ਦੇ ਕਿਸਾਨ ਦਰਸ਼ਨ ਸਿੰਘ ਜਿਹੜੇ ਕਿ 5 ਏਕੜ ਤੋ ਵੱਧ ਜਮੀਨ ਦੇ ਮਾਲਕ ਹਨ ਦੇ 15-15 ਹਜ਼ਾਰ ਰੁਪਏ ਦੇ ਚਲਾਨ ਕੀਤੇ ਗਏ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੈਟੇਲਾਈਟ ਦੀ ਮੱਦਦ ਨਾਲ ਖੇਤੀਬਾੜੀ ਵਿਭਾਗ ਨੇ ਇਨ੍ਹਾਂ 14 ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਸ਼ਨਾਖਤ ਕੀਤੀ। ਉਨ੍ਹਾਂ ਦੱਸਿਆ ਕਿ ਚਲਾਨ ਕੱਟਣ ਤੋ ਇਲਾਵਾ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਜ਼ਮੀਨ ਦੀ ਜ਼ਮਾਬੰਦੀ ਵਿੱਚ ਰੈਡ ਐਟਰੀ ਅਤੇ ਉਨ੍ਹਾਂ ਖਿਲਾਫ 188 ਤਹਿਤ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਇ ਇਸਦੇ ਸੁਚੱਜੇ ਪ੍ਰਬੰਧਨ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਤਾਂ ਕਿ ਵਾਤਾਵਰਨ ਨੂੰ ਪ੍ਰਦ੍ਵਸ਼ਿਤ ਹੋਣ ਤੋ ਬਚਾਇਆ ਜਾ ਸਕੇ।
ਮੁੱਖ ਖੇਤੀਬਾੜੀ ਅਫਸਰ ਡਾ: ਬਲਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਦੇ ਮਾਮਲਿਆਂ ‘ਤੇ ਸੈਟੇਲਾਈਟ ਦੁਆਰਾ ਬਾਜ ਅੱਖ ਰੱਖੀ ਜਾ ਰਹੀ ਹੈ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਤੇ ਕਿਸੇ ਵੀ ਕਿਸਾਨ ਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.