ਮੋਗਾ, 16 ਸਤੰਬਰ (ਜਗਰਾਜ ਗਿੱਲ, ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਵੱਧ ਤੋ ਵੱਧ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁੱਹੱਈਆ ਕਰਵਾ ਕੇ ਉਨ੍ਹਾਂ ਨੂੰ ਆਪਣੇ ਪੈਰਾਂ ਉੱਪਰ ਖੜ੍ਹਾ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਮਹੀਨਾ ਸਤੰਬਰ, 2020 ਵਿੱਚ ਸੂਬਾ ਪੱਧਰੀ ਰੋਜ਼ਗਾਰ ਮੇਲੇ ਆਯੋਜਿਤ ਕਰਵਾਏ ਜਾ ਰਹੇ ਹਨ।ਮੋਗਾ ਵਿਖੇ ਇਹ ਮੈਗਾ ਰੋਜ਼ਗਾਰ ਮੇਲੇ 26 ਅਤੇ 29 ਸਤੰਬਰ, 2020 ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮੋਗਾ ਵਿਖੇ ਕੋਵਿਡ-19 ਦੇ ਸੰਕਰਮਣ ਨੂੰ ਫੈਲਣ ਤੋ ਰੋਕਣ ਦੀਆਂ ਹਦਾਇਤਾਂ ਨੂੰ ਅਪਨਾ ਕੇ ਕਰਵਾਏ ਜਾ ਰਹੇ ਹਨ।
ਇਨ੍ਹਾਂ ਮੈਗਾ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਸਬੰਧਤ ਵਿਭਾਗਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਰੋਜ਼ਗਾਰ ਮੇਲੇ ਨੂੰ ਸਫਲ ਬਣਾਉਣ ਲਈ ਵੱਖ-ਵੱਖ ਅਦਾਰਿਆ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ।
ਮੀਟਿੰਗ ਦੌਰਾਨ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਵਾਰ ਮੈਗਾ ਰੋਜ਼ਗਾਰ ਮੇਲੇ ਬਲਾਕ ਪੱਧਰ ਤੇ ਵੀ ਆਯੋਜਿਤ ਕੀਤੇ ਜਾ ਰਹੇ ਹਨ। ਜਿਸ ਅਧੀਨ ਬਲਾਕ ਨਿਹਾਲ ਸਿੰਘ ਵਾਲਾ ਵਿਖੇ 21 ਸਤੰਬਰ ਨੂੰ, ਬਾਘਾਪੁਰਾਣਾ ਵਿਖੇ 22 ਸਤੰਬਰ ਨੂੰ ਅਤੇ ਕੋਟ ਈਸੇ ਖਾਂ ਵਿਖੇ 23 ਸਤੰਬਰ ਨੂੰ ਇਹ ਮੇਲੇ ਆਯੋਜਿਤ ਕੀਤੇ ਜਾਣਗੇ ਤਾਂ ਕਿ ਕਰੋਨਾ ਸੰਕਰਮਣ ਨੂੰ ਮੁੱਖ ਰੱਖਦੇ ਹੋਏ ਜਿਆਦਾ ਇਕੱਠ ਜ਼ਿਲ੍ਹੇ ਵਿੱਚ ਨਾ ਹੋਵੇ ਅਤੇ ਨਾਲ ਹੀ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਵੀ ਮੁਹੱਈਆ ਹੋ ਸਕੇ।
ਇਹ ਮੇਲੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਨਾਲ ਸਬੰਧਿਤ ਹਦਾਇਤਾਂ ਮੁਤਾਬਿਕ ਲਗਾਏ ਜਾਣਗੇ, ਜਿਸ ਵਿੱਚ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੇਲੇ ਕਈ ਕੰਪਨੀਆਂ ਵੱਲੋਂ ਆਨਲਾਈਨ ਇੰਟਰਵਿਊ ਰਾਹੀਂ ਵੀ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ।
ਇਸ ਮੀਟਿੰਗ ਦੌਰਾਨ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਸੱਕਿਲ ਡਿਵੈਲਪਮੈਟ ਅਤੇ ਟ੍ਰੇਨਿੰਗ ਅਫਸਰ ਮੋਗਾ ਸ਼੍ਰੀਮਤੀ ਪਰਮਿੰਦਰ ਕੋਰ ਨੇ ਦੱਸਿਆ ਕਿ ਇਸ ਰਾਜ ਪੱਧਰੀ ਮੇਲੇ ਦੌਰਾਨ ਹਰ ਤਰ੍ਹਾਂ ਦੀ ਯੋਗਤਾ ਵਾਲਾ ਨੌਜਵਾਨ ਭਾਗ ਲੈ ਸਕਦਾ ਹੈ ਅਤੇ ਵੱਖ-ਵੱਖ ਕੰਪਨੀਆਂ ਨੂੰ ਇੰਟਰਵਿਊ ਦੇ ਕੇ ਰੋਜ਼ਗਾਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਜਿਲ੍ਹਾ ਮੋਗਾ ਦੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।
ਇਸ ਮੀਟਿੰਗ ਵਿੱਚ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਸਿਵਲ ਸਰਜਨ ਮੋਗਾ, ਜ਼ਿਲ੍ਹਾ ਸਿਖਿਆ ਅਫਸਰ (ਸ), ਪ੍ਰਿਸੀਪਲ ਸਰਕਾਰੀ ਆਈ.ਟੀ.ਆਈ. ਮੋਗਾ, ਜਿਲ੍ਹਾ ਉਦਯੋਗ ਕੇਂਦਰ ਮੋਗਾ, ਪੰਜਾਬ ਮੰਡੀ ਬੋਰਡ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਜ਼ਿਲ੍ਹਾ ਮੈਨੇਜਰ ਸੀ.ਐਸ.ਸੀ, ਜ਼ਿਲ੍ਹਾ ਇੰਚਾਰਜ ਜੀ.ੳ.ਜੀ., ਸਰਕਾਰੀ ਪੋਲੀਟੈਕਨਿਕ ਕਾਲਜ ਜੀ.ਟੀ.ਬੀ. ਗੜ੍ਹ ਮੋਗਾ ਆਦਿ ਦੇ ਅਧਿਕਾਰੀਆਂ/ਨੂਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਇਹਨਾ ਅਧਿਕਾਰੀਆਂ ਨੂੰ ਮੈਗਾ ਰੋਜ਼ਗਾਰ ਮੇਲਿਆ ਨਾਲ ਸਬੰਧਤ ਵੱਖ-ਵੱਖ ਤਰ੍ਹਾ ਦੀਆਂ ਡਿਊਟੀਆਂ ਵੀ ਸੌਂਪੀਆਂ ਗਈਆਂ।