ਮੋਗਾ, 22 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਰ ਸਾਲ ਸੂਬੇ ਦੇ ਲਗਭਗ 40 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਸਿਹਤ ਬੀਮਾ ਅਧੀਨ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬੀਪੀਐਲ ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਕਿਸਾਨ, ਵਪਾਰੀ ਅਤੇ ਮਾਨਤਾ ਪ੍ਰਾਪਤ ਪੱਤਰਕਾਰ ਆਦਿ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਇੱਕ ਯੋਗ ਲਾਭਪਾਤਰੀ ਨੂੰ ਲਾਭ ਪਹੁੰਚਾਉਣ ਦੇ ਮਨੋਰਥ ਵਜੋਂ ਜਾਗਰੂਕਤਾ ਵੈਨ ਨੂੰ ਅੱਜ ਰਵਾਨਾ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਵੈਨ ਮਿਤੀ 23 ਫਰਵਰੀ, 2021 ਨੂੰ ਬਲਾਕ ਢੁੱਡੀਕੇ ਦੇ ਚੂਹੜਚੱਕ, ਮੱਦੋਕੇ, ਝੰਡਿਆਣਾ ਸ਼ਰਕੀ, ਢੁੱਡੀਕੇ, ਕੋਕਰੀ ਕਲਾਂ, ਮਟਵਾਣੀ, ਨੱਥੂ ਵਾਲਾ, ਕੋਕਰੀ ਫੂਲਾ ਸਿੰਘ, ਅਜੀਤਵਾਲ ਦੇ ਏਰੀਏ ਵਿੱਚ ਇਸ ਸਕੀਮ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਏਗੀ ਤਾਂ ਕਿ ਇਸ ਸਕੀਮ ਤੋਂ ਹਰ ਇੱਕ ਵਿਅਕਤੀ ਜਾਣੂੰ ਹੋ ਸਕੇ ਅਤੇ ਲੋੜੀਂਦਾ ਲਾਭ ਪ੍ਰਾਪਤ ਕਰ ਸਕੇ।
ਉਨ੍ਹਾਂ ਦੱਸਿਆ ਕਿ ਇਹ ਵੈਨ ਯੋਜਨਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜਿਲ੍ਹਾ ਮੋਗਾ ਦੇ ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਪਿੰਡਾਂ ਦਾ ਦੌਰਾ ਵੀ ਕਰੇਗੀ। ਇਸ ਦੀ ਮਾਈਕਰੋ-ਪਲਾਨਿੰਗ ਅਤੇ ਵੈਨ ਦੀ ਰੋਜ਼ਾਨਾ ਰਿਪੋਰਟਿੰਗ ਦੀ ਨਿਗਰਾਨੀ ਵੀ ਕੀਤੀ ਜਾਵੇਗੀ।
ਸ੍ਰੀ ਹੰਸ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਿਲ੍ਹੇ ਵਿੱਚ ਈ-ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਇੱਥੇ ਲਗਭਗ 171 ਕਾਮਨ ਸਰਵਿਸ ਸੈਂਟਰ, 13 ਸੇਵਾ ਕੇਂਦਰ ਅਤੇ 8 ਮਾਰਕੀਟ ਕਮੇਟੀਆਂ ਹਨ, ਜਿਥੇ ਇਹ ਈ-ਕਾਰਡ ਬਣਾਏ ਜਾ ਰਹੇ ਹਨ। ਉਨਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਬਣਵਾਉਣ ਲਈ ਨਜ਼ਦੀਕੀ ਕੇਂਦਰ ਤੱਕ ਜਲਦ ਪਹੁੰਚ ਕਰਨ।