May 22, 2024

ਧਾਰਮਿਕ ਤੇ ਵਿਦਿਅਕ ਸਥਾਨਾਂ ‘ਚ ਸਿਹਤ ਤੰਦਰੁਸਤੀ ਵਾਲੀਆਂ ਵਿਚਾਰਾਂ ਵੀ ਹੋਣ : ਮਾਝੀ

1 min read

ਨਿਹਾਲ ਸਿੰਘ ਵਾਲਾ 21 ਦਸੰਬਰ (ਮਿੰਟੂ ਖੁਰਮੀ ਕੁਲਦੀਪ ਸਿੰਘ) ਗੁਰਦਵਾਰੇ ਮੰਦਰਾਂ ਸਮੇਤ ਪੰਜਾਬ ਭਰ ਦੇ ਧਾਰਮਿਕ ਅਤੇ ਵਿਦਿਅਕ ਕੇਂਦਰਾਂ ‘ਚ ਧਰਮ ਦੇ ਨਾਲ-ਨਾਲ ਸਮਾਜਿਕ ਅਤੇ ਸਿਹਤ ਤੰਦਰੁਸਤੀ ਨਾਲ ਸਬੰਧਤ ਗੱਲਾਂ ਦਾ ਜਿਕਰ ਕਰਨਾ ਵੀ ਜਰੂਰੀ ਹੈ। ਕਿਉਂਕਿ ਸਵੇਰ ਤੋਂ ਸ਼ਾਮ ਤੱਕ ਜਹਿਰੀਲੇ ਜਾਂ ਕੈਮੀਕਲ ਯੁਕਤ ਵਰਤੇ ਜਾ ਰਹੇ ਖਾਦ ਪਦਾਰਥਾਂ ਨੇ ਹਰ ਬੱਚੇ, ਨੌਜਵਾਨ, ਬਜੁਰਗ, ਮਰਦ/ਔਰਤਾਂ ਨੂੰ ਸਰੀਰਕ ਪੱਖੋਂ ਕਮਜੋਰ ਹੀ ਨਹੀਂ ਕੀਤਾ ਬਲਕਿ ਹਰ ਵਿਅਕਤੀ ਨੂੰ ਬਿਮਾਰ ਕਰਕੇ ਰੱਖ ਦਿੱਤਾ ਹੈ। ਨੇੜਲੇ ਪਿੰਡ ਗਾਜੀਆਣਾ ਦੇ ਗੁਰਦਵਾਰਾ ਸਾਹਿਬ ਵਿਖੇ ਵਿਲੱਖਣ ਕਿਸਮ ਦੇ ਕਰਵਾਏ ਗਏ ਸੈਮੀਨਾਰ ਦੌਰਾਨ ਉੱਘੇ ਪੰਥ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਨੂੰ ਬਚਾਉਣ, ਤੰਦਰੁਸਤ ਸਮਾਜ ਸਿਰਜਣ ਅਤੇ ਹਰ ਇਕ ਨੂੰ ਖੁਸ਼ਹਾਲ ਬਣਾਉਣ ਤੇ ਦੇਖਣ ਲਈ ਸਾਨੂੰ ਆਪਣੀਆਂ ਆਦਤਾਂ ‘ਚ ਕੁਝ ਤਬਦੀਲੀ ਕਰਨੀ ਪਵੇਗੀ ਨਹੀਂ ਤਾਂ ਸਾਡੀਆਂ ਗਲਤੀਆਂ, ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਦਾ ਖਮਿਆਜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪਵੇਗਾ। ਮੁੱਖ ਵਕਤਾ ਵਜੋਂ ਪੁੱਜੇ ਉੱਘੇ ਵਾਤਾਵਰਨ ਪ੍ਰੇਮੀ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਪ੍ਰੋਜੈਕਟਰ ਰਾਹੀਂ ਅੰਕੜਿਆਂ ਸਹਿਤ ਇਕ-ਇਕ ਮੁਸੀਬਤ ਅਤੇ ਚੁਣੌਤੀ ਦਾ ਵਰਨਣ ਕਰਦਿਆਂ ਦੱਸਿਆ ਕਿ ਸਾਡੀ ਦਿਨੋ ਦਿਨ ਡਿੱਗ ਰਹੀ ਸਿਹਤ, ਪ੍ਰਦੂਸ਼ਿਤ ਹੋ ਰਹੇ ਵਾਤਾਵਰਣ, ਧਰਤੀ ਹੇਠਾਂ ਡੂੰਘੇ ਹੁੰਦੇ ਜਾ ਰਹੇ ਪਾਣੀ ਦੀ ਪਰਤ, ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਸੰਤਾਪ ‘ਚੋਂ ਕੱਢਣ, ਖਾਦ ਪਦਾਰਥਾਂ ‘ਤੇ ਧੜਾਧੜ ਛਿੜਕੇ ਜਾ ਰਹੇ ਜ਼ਹਿਰੀਲੇ ਕੈਮੀਕਲ, ਜਾਣੇ ਅਨਜਾਣੇ ਖਾਧੇ ਜਾਂ ਅੰਦਰ ਲੰਘਾਏ ਜਾ ਰਹੇ ਕੈਮੀਕਲ ਯੁਕਤ ਖਾਦ ਪਦਾਰਥ ਆਦਿ ਸਬੰਧੀ ਜਿੱਥੇ ਨੌਜਵਾਨਾ ਤੇ ਬੱਚਿਆਂ ਨੂੰ ਜਾਗਰੂਕ ਕਰਨਾ ਜਰੂਰੀ ਹੈ, ਉੱਥੇ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਲਈ ਚਲਾਈਆਂ ਜਾ ਰਹੀਆਂ ਸਹੂਲਤਾਂ, ਸਕੀਮਾਂ, ਡਿਜਟੀਲਾਈਜੇਸ਼ਨ, ਸਮੇਂ ਦੀ ਬੱਚਤ ਅਤੇ ਜੈਵਿਕ ਖੇਤੀ ਬਾਰੇ ਕਿਸਾਨਾ, ਮਜਦੂਰਾਂ, ਵਪਾਰੀਆਂ ਅਤੇ ਮੁਲਾਜਮਾਂ ਨੂੰ ਉਕਤ ਗੱਲਾਂ ਤੋਂ ਜਾਣੂ ਕਰਾਉਣ ਲਈ ‘ਸਾਥ ਸਮਾਜਿਕ ਗੂੰਜ’ ਸੰਸਥਾ ਨੇ ਇਕ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਅੰਤ ‘ਚ ਸੰਸਥਾ ਦੇ ਗੁਰਿੰਦਰ ਸਿੰਘ ਮਹਿੰਦੀਰੱਤਾ, ਬਲਜਿੰਦਰ ਸਿੰਘ ਵੜਿੰਗ ਬਰਜੇਸ਼ ਕੁਮਾਰ ਗੁਰਜੀਤ ਸਿੰਘ ਮੱਤਾ ਸ਼ੁਭਾਸ ਚੰਦਰ ਅਵਤਾਰ ਸਿੰਘ ਵਿਨੋਦ ਕੁਮਾਰ ਆਦਿ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਮੈਂਬਰ ਪੰਚਾਇਤ ਪਲਵਿੰਦਰ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ‘ਚ ਸ਼ਾਮਲ ਭਾਈ ਹਰਜਿੰਦਰ ਸਿੰਘ ਮਾਝੀ, ਕੁਲਦੀਪ ਸਿੰਘ ਮਧੇਕੇ, ਲਿਸ਼ਕਾਰ ਸਿੰਘ ਗਾਜੀਆਣਾ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.