June 18, 2024

‘ਤੀਜੀ ਧਿਰ’ ਨੇ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਦਾ ‘ਬਿਗਲ’ ਵਜਾਇਆ।

1 min read

ਪੰਜਾਬੀ ਸਾਹਿਤ ਦੇ ਪਸਾਰ ਲਈ ਅਤੇ ਸੱਠ ਸਾਲ ਪੁਰਾਣੀਆਂ ਧੜੇਬੰਦੀਆਂ ਤੋੜਨ ਲਈ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿੱਚ ਖੜ੍ਹਨਾ ਜ਼ਰੂਰੀ ਸੀ- ਬੇਅੰਤ ਕੌਰ ਗਿੱਲ ਮੋਗਾ

ਮੋਗਾ/ਜਗਰਾਜ ਸਿੰਘ ਗਿੱਲ 

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ 3 ਮਾਰਚ 2024 ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਪੂਰੇ ਜਲੌਅ ਅਤੇ ਉਤਸ਼ਾਹ ਨਾਲ ਅਕਾਦਮੀ ‘ਤੇ ਕਾਬਜ਼ ਵੱਡੇ ਧੜ੍ਹਿਆਂ ਦੀਆਂ “ਉੱਤਰ ਕਾਟੋ ਮੈਂ ਚੜ੍ਹਾਂ” ਦੀਆਂ ਚਾਲਬਾਜ਼ੀਆਂ ਤੋਂ ਤੰਗ ਆ ਕੇ ਸਾਹਿਤਕਾਰਾਂ ਦੀ ‘ਤੀਜੀ ਧਿਰ ਨੇ ਪਹਿਲ ਕਦਮੀਂ ਕਰਦਿਆਂ ਪਹਿਲੇ ਦਿਨ ਹੀ ‘ਅਜ਼ਾਦ ਉਮੀਦਵਾਰਾਂ’ ਦੇ ਰੂਪ ਵਿੱਚ ਫਾਰਮ ਭਰ ਕੇ ਚੋਣਾਂ ਵਿੱਚ ਹਿੱਸਾ ਲੈਣ ਦਾ ‘ਬਿਗਲ’ ਵਜਾ ਦਿੱਤਾ। ਫਾਰਮ ਭਰਨ ਵਾਲਿਆਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਸ੍ਰੀਮਤੀ ਬੇਅੰਤ ਕੌਰ ਗਿੱਲ (ਮੋਗਾ), ਪ੍ਰਬੰਧਕੀ ਬੋਰਡ ਦੇ ਮੈਂਬਰ ਲਈ ਕਰਮ ਸਿੰਘ ਜ਼ਖ਼ਮੀਂ, ਸੁਖਵਿੰਦਰ ਸਿੰਘ ਲੋਟੇ, ਅਮਰਜੀਤ ਕੌਰ ਅਮਰ ਅਤੇ ਬਲਰਾਜ ਉਬਰਾਏ ਬਾਜ਼ੀ ਸ਼ਾਮਲ ਹਨ। ਫਾਰਮ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪਰੋਕਤ ਉਮੀਦਵਾਰਾਂ ਨੇ ਕਿਹਾ ਕਿ ਸਾਹਿਤ ਅਕਾਦਮੀ ਲੁਧਿਆਣਾ ਸਮੇਤ ਸਮੂਹ ਸੰਸਥਾਵਾਂ ‘ਤੇ ਕੁੱਲ ਵੀਹ-ਪੱਚੀ ਵਿਅਕਤੀ ‘ਕਾਬਜ਼’ ਹਨ, ਜਿੰਨ੍ਹਾਂ ਦੀ ‘ਅਜ਼ਾਰੇਦਾਰੀ’ ਨੂੰ ਤੋੜਨਾ ਸਮੇਂ ਦੀ ਅਤੀਅੰਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਅਕਾਦਮੀ ਦੀਆਂ ਗਤੀਵਿਧੀਆਂ ਨੂੰ ਪੰਜਾਬੀ ਭਵਨ ਦੀ ਇਮਾਰਤ ਵਿੱਚੋਂ ਕੱਢ ਕੇ ਛੋਟੇ ਤੋਂ ਛੋਟੇ ਸ਼ਹਿਰ ਅਤੇ ਪਿੰਡ ਤੱਕ ਲਿਜਾਣ ਲਈ ਵਚਨਬੱਧ ਹਨ। ਵਿਦੇਸ਼ੀ ਮੈਂਬਰਾਂ ਨੂੰ ਵੋਟ ਪਾਉਣ ਅਤੇ ਅਹੁਦੇਦਾਰ ਚੁਣੇ ਜਾਣ ਦਾ ਅਧਿਕਾਰ ਦੇਣ ਲਈ ਅਕਾਦਮੀ ਦੇ ਸੰਵਿਧਾਨ ਵਿੱਚ ਸੋਧ ਕਰਵਾਉਣੀ ਯਕੀਨੀ ਬਣਾਉਣਗੇ।

ਅਕਾਦਮੀ ਦੀ ਸਥਾਪਨਾ 1954 ਦੇ ਲੱਗਭੱਗ ਹੋਈ ਸੀ। ਉਸੇ ਸਾਲ ਇਸ ਦਾ ਸੰਵਿਧਾਨ ਲਿਖਿਆ ਗਿਆ ਸੀ। ਇਹ ਸੰਵਿਧਾਨ ਕਰੀਬ 70 ਸਾਲ ਪੁਰਾਣਾ ਹੋਣ ਕਾਰਨ ਹੁਣ ਇਹ ਸਮਾਂ ਵਿਹਾਅ ਚੁੱਕਾ ਹੈ ਅਤੇ ਇਸ ਨੂੰ ਨਵੇਂ ਸਿਰੇ ਤੋਂ ਲਿਖੇ ਜਾਣ ਦੀ ਸਖ਼ਤ ਲੋੜ ਹੈ। ਜੇ ਇਹ ਨਵੇਂ ਸਿਰੇ ਤੋਂ ਨਹੀਂ ਲਿਖਿਆ ਜਾ ਸਕਦਾ, ਤਾਂ ਇਸ ਵਿੱਚ ਵੱਡੇ ਪੱਧਰ ‘ਤੇ ਸੋਧਾਂ ਹੋਣੀਆਂ ਚਾਹੀਦੀਆਂ ਹਨ। ਸੱਤਰ ਸਾਲਾਂ ਤੋਂ ਵਿਦੇਸ਼ੀ ਮੈਂਬਰਾਂ ਨਾਲ ਹੋ ਰਿਹਾ ਪੱਖਪਾਤ ਹੁਣ ਦੂਰ ਕੀਤਾ ਜਾਵੇਗਾ। ਵਿਦੇਸ਼ੀ ਸਾਹਿਤਕਾਰ ਵੱਡੀ ਗਿਣਤੀ ਵਿੱਚ ਅਕਾਦਮੀ ਦੇ ਮੈਂਬਰ ਹਨ, ਪਰ ਇੰਨ੍ਹਾਂ ਮੈਂਬਰਾਂ ਨੂੰ ਨਾ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈ, ਅਤੇ ਨਾ ਪ੍ਰਬੰਧਕੀ ਟੀਮ ਦੇ ਕਿਸੇ ਅਹੁਦੇ ਲਈ ਚੁਣੇ ਜਾਣ ਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਕਾਦਮੀ ਦੇ ਸਾਰੇ ਮੈਂਬਰਾਂ ਨਾਲ ਵਾਅਦਾ ਕਰਨਾ ਚਾਹੀਦਾ ਹੈ, ਕਿ ਉਹ ਇਮਾਨਦਾਰੀ ਨਾਲ ਨਿੱਜੀ ਹਿਤਾਂ ਤੋਂ ਉੱਪਰ ਉਠ ਕੇ ਲੋਕ ਸਰੋਕਾਰਾਂ ਲਈ ਕਾਰਜਸ਼ੀਲ ਰਹਿਣਗੇ। ਉਨ੍ਹਾਂ ਨੇ ਸਮੂਹ ਲੇਖਕ ਭਾਈਚਾਰੇ ਨੂੰ ਹਰ ਤਰ੍ਹਾਂ ਦੀ ‘ਗੁੱਟਬੰਦੀ’ ਤੋਂ ਬਾਹਰ ਨਿਕਲ ਕੇ ਵੋਟਾਂ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਫਾਰਮ ਭਰਨ ਵਾਲਿਆਂ ਨਾਲ ਵੱਡੀ ਗਿਣਤੀ ਵਿੱਚ ਸਾਹਿਤਕਾਰ ਵੀ ਦੇਖੇ ਗਏ। ਉਨ੍ਹਾਂ ਵਿੱਚੋਂ ਕੁਝ ਇਹ ਕਹਿੰਦੇ ਵੀ ਸੁਣੇ ਗਏ ਕਿ ਜਿਵੇਂ ਸਿਆਸਤ ਵਿੱਚ ਭਾਈ-ਭਤੀਜਾਵਾਦ ਭਾਰੂ ਹੈ, ਉਸੇ ਤਰ੍ਹਾਂ ਇਸ ਖੇਤਰ ਵਿੱਚ ਵੀ ‘ਜੱਫੇਮਾਰ’ ਲੋਕ ਅਹੁਦਿਆਂ ਨੂੰ ਨਾਗਵਲ ਪਾਈ ਬੈਠੇ ਹਨ, ਜਿੰਨ੍ਹਾਂ ਦਾ ਜੱਫਾ ਅਤੇ ਨਾਗਵਲ ਤੋੜਨ ਦਾ ਹੁਣ ਸਮਾਂ ਆ ਗਿਆ ਹੈ।

ਬੇਅੰਤ ਕੌਰ ਗਿੱਲ ਨੇ ਪੇਪਰ ਭਰਨ ਸਮੇਂ ਕਿਹਾ ਕਿ ਅਸੀਂ ਸਭ ਨੂੰ ਪਿਆਰ ਕਰਦੇ ਹਾਂ , ਸੱਠ ਸਾਲ ਪੁਰਾਣੀਆਂ ਧੜੇਬੰਦੀਆਂ ਤੋੜਨ ਅਤੇ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਅਜਿਹਾ ਕਰਨਾ ਜ਼ਰੂਰੀ ਸੀ, ਅਸੀਂ ਗੁਰਮਤਿ ਸਾਹਿਤ, ਦੱਬੇ ਕੁੱਚਲੇ ਲੋਕਾਂ ਦੇ ਸਾਹਿਤ, ਅਤੇ ਅਣਗੌਲੇ ਬਜ਼ੁਰਗਾਂ ਅਤੇ ਨੌਜਵਾਨਾਂ ਦੀਆਂ ਲਿਖਤਾਂ ਲਈ ਵਿਦਵਾਨਾਂ ਦੀਆਂ ਕਮੇਟੀਆਂ ਬਿਠਾ ਕੇ ਚੰਗੇ ਸਾਹਿਤ ਦੀ ਚੋਣ ਕਰਕੇ ਉਸਨੂੰ ਅਕਾਦਮੀ ਵੱਲੋਂ ਛਪਵਾ ਕੇ ਵੰਡਾਂਗੇ, ਸਕੂਲਾਂ ਕਾਲਜਾਂ ਵਿੱਚ ਲਗਵਾਵਾਂਗੇ।

ਉਹਨਾਂ ਕਿਹਾ ਕਿ ਇਹ ਸਭ ਦੇ ਸਹਿਯੋਗ ਸਦਕਾ ਹੀ ਸੰਭਵ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.