May 22, 2024

ਦਿਵਾਲੀ/ਗੁਰਪੁਰਬ ਦੇ ਤਿਉਹਾਰ ‘ਤੇ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਇਸੰਸ 25 ਅਕਤੂਬਰ ਨੂੰ ਵੰਡੇ ਜਾਣਗੇ-ਡਿਪਟੀ ਕਮਿਸ਼ਨਰ

1 min read
ਮੋਗਾ, 19 ਅਕਤੂਬਰ (ਜਗਰਾਜ ਸਿੰਘ ਗਿੱਲ,ਮਨਪ੍ਰੀਤ ਮੋਗਾ )
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਦਿਵਾਲੀ/ਗੁਰਪੁਰਬ ਦੇ ਤਿਉਹਾਰ ਤੇ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਾਇਸੰਸ ਲੈਣ ਲਈ ਨਿਰਧਾਰਿਤ ਪ੍ਰੋਫਾਰਮੇ ਸਮੇਤ ਹਲਫ਼ੀਆ ਬਿਆਨ ਵਿੱਚ ਚਾਹਵਾਨ ਆਪਣੀਆਂ ਦਰਖਾਸਤਾਂ ਮਿਤੀ 22 ਅਕਤੂਬਰ, 2021 ਸ਼ਾਮ 4 ਵਜੇ ਤੱਕ ਦੇ ਸਕਦੇ ਹਨ। ਇਹ ਦਰਖਾਸਤਾਂ ਸੇਵਾ ਕੇਂਦਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਪ੍ਰੋਫਾਰਮਾ ਅਤੇ ਹਲਫ਼ੀਆ ਬਿਆਨ ਕਮਰਾ ਨੰਬਰ 123, ਫੁਟਕਲ ਸ਼ਾਖਾ ਮੋਗਾ ਵਿਖੇ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਕੁੱਲ ਪ੍ਰਾਪਤ ਹੋਈਆਂ ਅਰਜੀਆਂ ਵਿੱਚੋਂ 25 ਅਕਤੂਬਰ, 2021 ਨੂੰ ਸਵੇਰੇ 11:30 ਵਜੇ ਡਰਾਅ ਰਾਹੀਂ, ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਾਇਸੈਂਸ ਜਾਰੀ ਕੀਤੇ ਜਾਣਗੇ। ਇਸ ਸਬੰਧੀ ਵੱਖ ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤਾ ਜਾ ਚੁੱਕਾ ਹੈ।
ਉਨ੍ਹਾਂ ਦਿਵਾਲੀ/ਗੁਰਪੁਰਬ ਦੇ ਤਿਉਹਾਰ ਤੇ ਪਟਾਕੇ ਵੇਚਣ ਲਈ ਐਕਸਪਲੋਸਿਵ ਰੂਲਜ਼ 2008 ਅਧੀਨ ਜਾਰੀ ਹਦਾਇਤਾਂ/ਮਾਣਯੋਗ ਸੁਪਰੀਮ ਕੋਰਟ ਜਾਂ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਅਤੇ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਸੀਨੀਅਰ ਕਪਤਾਨ ਪੁਲਿਸ ਮੋਗਾ ਨੂੰ ਪਟਾਕੇ ਵੇਚਣ ਵਾਲੀਆਂ ਦੁਕਾਨਾਂ ਦੇ ਕਲਸਟਰ ਤੇ ਜਾਂ ਪਟਾਕੇ ਵੇਚਣ ਵਾਲੇ ਨਿਰਧਾਰਿਤ ਕੀਤੇ ਸਥਾਨ ਪਾਸ ਪੀ.ਸੀ.ਆਰ. ਤੈਨਾਤ ਕਰਨੇ, ਪਟਾਕੇ ਵੇਚਣ ਵਾਲੇ ਸਥਾਨਾਂ ਤੇ ਟ੍ਰੈਫਿਕ ਕੰਟਰੋਲ ਦੇ ਇੰਤਜ਼ਾਮ, ਵਹੀਕਲ 15 ਮੀਟਰ ਦੂਰ ਪਾਰਕਿੰਗ ਕਰਵਾਉਣਾ, ਬੈਨ ਕੀਤੇ ਪਟਾਕਿਆਂ ਨੂੰ ਵੇਚਣ ਤੇ ਰੋਕ ਲਗਾਉਣੀ ਅਤੇ ਨਿਸ਼ਚਿਤ ਸਮੇਂ (ਸਵੇਰੇ 10 ਵਜੇ ਤੋਂ ਸ਼ਾਮ 7:30) ਦੌਰਾਨ ਹੀ ਪਟਾਕੇ ਵੇਚੇ ਜਾਣ ਨੂੰ ਯਕੀਨੀ ਬਣਾਉਣਗੇ। ਪਟਾਕੇ ਸ਼ਾਂਤ ਖੇਤਰ ਜਿਵੇਂ ਕਿ ਹਸਪਤਾਲ, ਨਰਸਿੰਗ ਹੋਮ, ਪ੍ਰਾਇਮਰੀ ਅਤੇ ਜ਼ਿਲ੍ਹਾ ਸਿਹਤ ਕੇਂਦਰ, ਵਿਦਿੱਅਕ ਸਥਾਨ, ਧਾਰਮਿਕ ਸਥਾਨ, ਕੋਰਟਸ ਜਾਂ ਹੋਰ ਜਗ੍ਹਾ ਜਿਹੜੀ ਸ਼ਾਂਤ ਖੇਤਰ ਘੋਸ਼ਿਤ ਕੀਤੀ ਹੋਵੇ ਦੇ ਨਜ਼ਦੀਕ ਜਾਂ ਘੱਟੋਂ-ਘੱਟ ਇਨ੍ਹਾਂ ਸਥਾਨਾਂ ਤੋਂ 100 ਮੀਟਰ ਦੇ ਖੇਤਰ ਅੰਦਰ ਨਾ ਚਲਾਏ ਜਾਣ। ਪ੍ਰਬੰਧਕਾਂ ਵੱਲੋਂ ਪਟਾਕਿਆਂ ਦੀ ਵਰਤੋਂ ਕੇਵਲ ਨਿਰਧਾਰਿਤ ਜਗ੍ਹਾ ‘ਤੇ ਕੀਤੀ ਜਾਵੇ ਅਤੇ ਇਹ ਜਗ੍ਹਾ ਦੇ ਨੇੜੇ ਕੋਈ ਵੀ ਪੈਟਰੋਲ ਪੰਪ, ਗੈਸ ਏਜੰਸੀ, ਕੈਮੀਕਲ ਸਟੋਰ ਅਤੇ ਜਲਣਸ਼ੀਲ ਪਦਾਰਥਾਂ ਦੀ ਸਟੋਰੇਜ ਆਦਿ ਨਾ ਹੋਵੇ। ਇਸ ਤੋਂ ਇਲਾਵਾ ਪਟਾਕੇ ਕਿਸੇ ਬਿਜਲੀ ਦੀ ਲਾਈਨ ਹੇਠਾਂ ਨਾ ਚਲਾਏ ਜਾਣ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਕਿ ਪਟਾਕੇ ਵੇਚਣ ਵਾਲੇ ਸਥਾਨਾਂ ਨੂੰ ਜਾਂਦੇ ਰਸਤੇ ‘ਤੇ  ”ਨੋ ਸਮੋਕਿੰਗ”  ਜਾਂ ”ਸਮੋਕਿੰਗ ਇਜ਼ ਪਰੋਹਿਬਟਿਡ ਇਨ ਦਿਸ ਏਰੀਆ” ਦੇ ਬੋਰਡ ਜਰੂਰੀ ਲਗਵਾਉਣ। ਪਟਾਕੇ ਵੇਚਣ ਵਾਲੇ ਸਥਾਨਾਂ  ਦੇ ਨੇੜੇ ”Explosives and Dangerous Goos” ਸਬੰਧੀ ਚੇਤਾਵਨੀ ਬੋਰਡ ਲੱਗਣੇ ਜਰੂਰੀ ਹਨ। ਇਹ ਬੋਰਡ ਪੰਜਾਬੀ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਲਗਾਵੇ ਜਾਣਗੇ। ਇਸ ਤੋਂ ਇਲਾਵਾ ਇਹਨਾਂ ਸਥਾਨਾਂ ਤੇ  ਐਂਟਰੀ ਪੁਆਇੰਟ ਅਤੇ ਇਗਜ਼ਿਟ ਪੁਆਇੰਟ ਵੀ ਨਿਰਧਾਰਿਤ ਹੋਣੇ ਚਾਹੀਦੇ ਹਨ।
ਉਨ੍ਹਾਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਨੂੰ ਹਦਾਇਤ ਕੀਤੀ ਕਿ ਉਹ ਲਾਇਸੰਸੀਆਂ ਪਾਸੋਂ ਕੁਝ ਲੋੜੀਂਦੇ ਨੁਕਤਿਆਂ ਦੀ ਪਾਲਣਾ ਕਰਵਾਉਣੀ ਯਕੀਨੀ ਬਣਾਉਣਗੇ। ਇਨ੍ਹਾਂ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਲੜੀਆਂ ਵਾਲੇ ਪਟਾਕੇ ਡਿਸਪਲੇ ਨਾ ਕੀਤੇ ਜਾਣ ਅਤੇ ਨਾ ਹੀ ਵੇਚੇ ਜਾਣ। ਜਿਨ੍ਹਾ ਪਟਾਕਿਆਂ ਵਿੱਚ ਬਰੀਅਮ ਸਾਲਟਸ ਜਾਂ ਕਮਪਾਊਂਡ ਆਫ਼ ਐਂਟੀਮੌਨੀ, ਲਿਥੀਅਮ, ਮਰਕਰੀ ਆਦਿ ਦੀ ਵਰਤੋਂ ਕੀਤੀ ਗਈ ਹੋਵੇ, ਨੂੰ ਨਾ ਡਿਸਪਲੇ ਕੀਤਾ ਜਾਵੇ ਅਤੇ ਨਾ ਹੀ ਵੇਚਿਆ ਨਾ ਜਾਵੇ। ਕੋਈ ਵੀ ਪਟਾਕਾ, ਜਿਸ ਦੀ ਆਵਾਜ ਨਿਰਧਾਰਿਤ ਲਿਮਟ ਤੋਂ ਵੱਧ ਹੋਵੇ ਨੂੰ ਨਾ ਡਿਸਪਲੇ ਕੀਤਾ ਜਾਵੇ ਅਤੇ ਨਾ ਹੀ ਵੇਚਿਆ ਜਾਵੇ। ਲਾਇਸੰਸੀ ਘੱਟ-ਘੱਟ ਈਮਿਸ਼ਨ (ਇੰਮਪਰੋਵਡ ਕਰੈਕਰਜ)  ਅਤੇ ਗਰੀਨ ਕਰੈਕਰਜ ਦਾ ਉਤਪਾਦਨ ਕਰਨਗੇ, ਜਿਹੜੇ ਪਟਾਕਿਆਂ ਦਾ ਪਹਿਲਾਂ ਹੀ ਉਤਪਾਦਨ ਕੀਤਾ ਗਿਆ ਹੈ ਉਨ੍ਹਾਂ ਨੂੰ ਦੀਵਾਲੀ ਜਾਂ ਹੋਰ ਤਿਓਹਾਰਾਂ ਤੇ ਵੇਚਣ ਦੀ ਇਜਾਜਤ ਹੋਵੇਗੀ। ਪਟਾਕੇ ਰੱਖਣ ਲਈ ਸ਼ੈੱਡ ਨਾ-ਜਲਣਸ਼ੀਲ ਪਦਾਰਥਾਂ ਤੋਂ ਬਣਿਆ ਹੋਵੇ ਅਤੇ ਪਟਾਕੇ ਕੇਵਲ ਬੰਦ ਸ਼ੈੱਡ ਵਿੱਚ ਹੀ ਰੱਖੇ ਜਾਣ ਤਾਂ ਜੋ ਅਣ-ਅਧਿਕਾਰਿਤ ਵਿਅਕਤੀਆਂ ਦੀ ਪਹੁੰਚ ਵਿੱਚ ਨਾ ਹੋਵੇ। ਸ਼ੈੱਡ ਜਿੱਥੇ ਰੱਖੇ ਹਨ ਅਤੇ ਜਿਸ ਸਥਾਨ ਤੇ ਪਟਾਕੇ ਵੇਚੇ ਜਾਣੇ ਹਨ ਵਿੱਚ ਘੱਟੋਂ-ਘੱਟ 3 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ ਅਤੇ ਇਹ ਇੱਕ ਦੂਜੇ ਦੇ ਸਾਹਮਣੇ ਨਹੀਂ ਹੋਣੇ ਚਾਹੀਦੇ। ਇੱਕ ਕਲਸਟਰ ਵਿੱਚ 50 ਤੋਂ ਵੱਧ ਦੁਕਾਨਾਂ ਦੀ ਇਜ਼ਾਜਤ ਨਹੀਂ ਹੋਵੇਗੀ।ਪਟਾਖਿਆਂ ਵਾਲੇ ਖੇਤਰ ਤੋਂ 15 ਮੀਟਰ ਦੀ ਦੂਰੀ ਤੇ ਕੇਵਲ ਸਾਈਲੈੇਂਟ ਜਨਰੇਟਰ ਚਲਾਉਣ ਦੀ ਮਨਜੂਰੀ ਹੋਵੇਗੀ।
ਸ੍ਰੀ ਹਰੀਸ਼ ਨਈਅਰ ਨੇ ਸਿਵਲ ਸਰਜਨ ਮੋਗਾ ਨੂੰ ਹਦਾਇਤ ਕੀਤੀ ਕਿ ਪਟਾਕੇ ਵਾਲੇ ਸਥਾਨਾਂ ਤੇ ਐਮਬੂਲੈਂਸ ਮੁਹੱਈਆ ਕਰਵਾਈ ਜਾਵੇ। ਹਸਪਤਾਲ ਵਿੱਚ ਐਮਰਜੈਂਸੀ ਵਾਰਡ ਖੁੱਲਾ ਰੱਖਿਆ ਜਾਵੇ ਅਤੇ ਹਸਪਤਾਲ ਵਿੱਚ ਅੱਖਾਂ ਦੇ ਰੋਗਾਂ ਅਤੇ ਚਮੜੀ ਦੇ ਰੋਗਾਂ ਦੇ ਡਾਕਟਰ ਦੀ ਉਪਲੱਬਧਤਾ ਸੁਨਿਸਚਿਤ ਕੀਤੀ ਜਾਵੇ।
ਉਨ੍ਹਾਂ ਸਮੂਹ ਉਪ ਮੰਡਲ ਮੈਜਿਸਟ੍ਰ਼ੇਟਸ ਨੂੰ ਹਦਾਇਤ ਕੀਤੀ ਕਿ ਉਹ ਸ਼ੋਭਾ ਯਾਤਰਾ/ਨਗਰ ਕੀਰਤਨ/ਪ੍ਰਭਾਤ ਫੇਰੀ ਆਦਿ ਦੀ ਮਨਜੂਰੀ ਦੇਣ ਵੇਲੇ ਧਿਆਨ ਰੱਖਣ ਕਿ ਪ੍ਰਬੰਧਕਾਂ ਵੱਲੋਂ ਪਟਾਕਿਆਂ ਦੀ ਵਰਤੋਂ ਕੇਵਲ ਨਿਰਧਾਰਿਤ ਜਗ੍ਹਾ ਤੇ ਕੀਤੀ ਜਾਵੇ ਅਤੇ ਇਹ ਜਗ੍ਹਾ ਦੇ ਨੇੜੇ ਕੋਈ ਵੀ ਪਟਰੋਲ ਪੰਪ, ਗੈਸ ਏਜੰਸੀ, ਕੈਮੀਕਲ ਸਟੋਰ ਅਤੇ ਜਲਣਸ਼ੀਲ ਪਦਾਰਥਾਂ ਦੀ ਸਟੋਰੇਜ ਆਦਿ ਨਾ ਹੋਵੇ। ਇਸ ਤੋਂ ਇਲਾਵਾ ਪਟਾਕੇ ਕਿਸੇ ਬਿਜਲੀ ਦੀ ਲਾਈਨ ਹੇਠਾਂ ਨਾ ਚਲਾਏ ਜਾਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.