ਲੁਧਿਆਣਾ 18 ਅਪ੍ਰੈਲ (ਡਾ, ਕੁਲਵਿੰਦਰ ਸਿੰਘ) : ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਲੁਧਿਆਣਾ ਉਤਰੀ ਦੇ ਏ.ਸੀ.ਪੀ. ਅਨਿਲ ਕੋਹਲੀ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਰਾਜੇਸ਼ ਬੱਗਾ ਵਲੋਂ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਏ. ਸੀ. ਪੀ. ਦੇ ਕੋਰੋਨਾ ਗ੍ਰਿਫਤ ‘ਚ ਆਉਣ ਦੀ ਪੁਸ਼ਟੀ ਹੋਈ ਸੀ। ਦਰਅਸਲ ਏ. ਸੀ. ਪੀ. ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਡਾਕਟਰਾਂ ਮੁਤਾਬਕ ਪਿਛਲੇ ਕੁਪਝ ਸਮੇਂ ਤੋਂ ਏ. ਸੀ. ਪੀ. ਦੀ ਸਿਹਤ ਕਾਫੀ ਖਰਾਬ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਜਿਨ੍ਹਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ।
ਇਥੇ ਇਹ ਵੀ ਦੱਸਣਯੋਗ ਹੈ ਕਿ ਏ. ਸੀ. ਪੀ. ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਐੱਸ. ਐੱਚ. ਓਜ਼ ਅਤੇ ਇਕ ਗੰਨਮੈਨ ਦੀ ਰਿਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ। ਇਸ ਤੋਂ ਇਲਾਵਾ ਏ. ਸੀ. ਪੀ. ਦੇ ਸੰਪਰਕ ਵਿਚ ਆਉਣ ਵਾਲੇ ਕਈ ਪੁਲਸ ਮੁਲਾਜ਼ਮਾਂ ਅਤੇ ਹੋਰ ਲੋਕਾਂ ਵੀ ਨੂੰ ਵੀ ਹੋਮ ਕੁਆਰੰਟਾਈਨ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ‘ਚ ਐਸ. ਐਚ. ਓ. ਅਸ਼ਪ੍ਰੀਤ ਗਰੇਵਾਲ, ਬਸਤੀ ਜੋਧੇਵਾਲ, ਕਮਲਜੀਤ ਸਿੰਘ, ਸਲੇਮ ਟਾਬਰੀ ਅਤੇ ਥਾਣਾ ਦਰੇਸੀ ਤੋਂ ਐਸ. ਐਚ. ਓ. ਵਿਜੇ ਕੁਮਾਰ ਸ਼ਾਮਲ ਹਨ